- ਚੇਅਰਮੈਨ ਰਮਨ ਬਹਿਲ ਵੱਲੋਂ ਜ਼ਿਲ੍ਹਾ ਲਾਇਬਰੇਰੀ ਗੁਰਦਾਸਪੁਰ ਦੀ ਇਮਾਰਤ ਦੇ ਨਵੀਨੀਕਰਨ ਤੇ ਈ-ਲਾਇਬਰੇਰੀ ਦਾ ਉਦਘਾਟਨ
- ਮਾਨ ਸਰਕਾਰ ਵੱਲੋਂ ਪੁਸਤਕ ਸਭਿਆਚਾਰ ਪੈਦਾ ਕਰਨ ਦੇ ਯਤਨ ਲਗਾਤਾਰ ਜਾਰੀ - ਚੇਅਰਮੈਨ ਰਮਨ ਬਹਿਲ
ਗੁਰਦਾਸਪੁਰ, 15 ਮਾਰਚ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰੀਆਂ ਨੂੰ ਲਾਇਬ੍ਰੇਰੀ ਦੇ ਰੂਪ ਵਿੱਚ ਇੱਕ ਨਿਵੇਕਲਾ ਤੋਹਫ਼ਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ 36.36 ਲੱਖ ਰੁਪਏ ਖ਼ਰਚ ਕਰਕੇ ਜ਼ਿਲ੍ਹਾ ਲਾਇਬ੍ਰੇਰੀ, ਗੁਰਦਾਸਪੁਰ ਦੀ ਇਮਾਰਤ ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਨਾਲ ਈ-ਲਾਇਬ੍ਰੇਰੀ ਸਥਾਪਤ ਕੀਤੀ ਗਈ ਹੈ। ਜ਼ਿਲ੍ਹਾ ਲਾਇਬਰੇਰੀ ਗੁਰਦਾਸਪੁਰ ਦੀ ਇਮਾਰਤ ਦੇ ਨਵੀਨੀਕਰਨ ਤੇ ਈ- ਲਾਇਬਰੇਰੀ ਦਾ ਉਦਘਾਟਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਅੱਜ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ੍ਰੀ ਸ਼ਮਸ਼ੇਰ ਸਿੰਘ, ਚੇਅਰਮੈਨ ਭਾਰਤ ਭੂਸ਼ਨ ਸ਼ਰਮਾਂ ਵੀ ਮੌਜੂਦ ਸਨ। ਜ਼ਿਲ੍ਹਾ ਲਾਇਬ੍ਰੇਰੀ ਦੇ ਉਦਘਾਟਨੀ ਸਮਾਰੋਹ ਦੌਰਾਨ ਸ਼ਹਿਰ ਵਾਸੀਆਂ, ਪਾਠਕਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸੂਬੇ ਵਿੱਚ ਪੁਸਤਕ ਸਭਿਆਚਾਰ ਪੈਦਾ ਕਰਨ ਲਈ ਯਤਨਸ਼ੀਲ ਹੈ ਅਤੇ ਪੰਜਾਬ ਸਰਕਾਰ ਵੱਲੋਂ 36.36 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਨਾਲ ਜ਼ਿਲ੍ਹਾ ਲਾਇਬ੍ਰੇਰੀ ਦੀ ਕਾਇਆ ਕਲਪ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 10 ਲੱਖ ਰੁਪਏ ਦੇ ਕਰੀਬ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਲਾਇਬ੍ਰੇਰੀ ਉੱਪਰ ਖ਼ਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲਾਇਬ੍ਰੇਰੀ ਵਿੱਚ ਈ-ਲਾਇਬ੍ਰੇਰੀ ਦੇ ਵਿਭਾਗ ਵੱਲੋਂ ਵੀ ਕੰਪਿਊਟਰ ਲਗਾਉਣ ਦੇ ਨਾਲ ਸਾਰੀ ਲਾਇਬ੍ਰੇਰੀ ਵਿੱਚ ਸੀ.ਸੀ.ਟੀ.ਵੀ. ਕੈਮਰੇ ਵੀ ਲਗਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਹ ਲਾਇਬ੍ਰੇਰੀ ਖੰਡਰ ਦਾ ਰੂਪ ਧਾਰਨ ਕਰ ਗਈ ਸੀ। ਸ੍ਰੀ ਬਹਿਲ ਨੇ ਕਿਹਾ ਕਿ ਇਸ ਲਾਇਬ੍ਰੇਰੀ ਨੂੰ ਸੁਰਜੀਤ ਕਰਨ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਵੀ ਆਪਣਾ ਉੱਘਾ ਯੋਗਦਾਨ ਪਾਇਆ ਗਿਆ। ਉਨ੍ਹਾਂ ਨੇ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ 'ਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਵਿੱਚ ਹੁਣ ਪਾਠਕਾਂ ਨੂੰ ਪੜ੍ਹਨ ਲਈ ਮਾਹੌਲ ਮਿਲੇਗਾ ਅਤੇ ਉਹ ਸ਼ਾਂਤਮਈ ਅਤੇ ਆਰਾਮਦਾਇਕ ਮਹੌਲ ਵਿੱਚ ਲਾਇਬ੍ਰੇਰੀ ਵਿਖੇ ਬੈਠ ਕੇ ਗਿਆਨ ਦੇ ਸਾਗਰ ਵਿੱਚ ਚੁੰਭੀਆਂ ਮਾਰ ਸਕਣਗੇ। ਉਨ੍ਹਾਂ ਗੁਰਦਾਸਪੁਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਲਾਇਬ੍ਰੇਰੀ ਆ ਕੇ ਕਿਤਾਬਾਂ ਪੜ੍ਹਨ ਦੀ ਆਦਤ ਪਾਉਣ ਕਿਉਂਕਿ ਕਿਤਾਬਾਂ ਹੀ ਇਨਸਾਨ ਦੀਆਂ ਅਸਲ ਮਿੱਤਰ ਹਨ ਅਤੇ ਕਿਤਾਬਾਂ ਵਿੱਚ ਲਿਖੇ ਗਿਆਨ ਨੂੰ ਪੜ੍ਹ ਕੇ ਕਾਮਯਾਬ ਜ਼ਿੰਦਗੀ ਨੂੰ ਜੀਵਿਆ ਜਾ ਸਕਦਾ ਹੈ। ਇਸ ਮੌਕੇ ਅਨੋਖ ਸਿੰਘ ਔਜਲਾ ਬ੍ਰਦਰਜ ਨੇ ਆਪਣੀ ਸਭਿਆਚਾਰਕ ਗਾਇਕੀ ਦੀ ਪੇਸ਼ਕਾਰੀ ਕੀਤੀ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਸਾਹਿਤਕਾਰਾਂ ਵੱਲੋਂ ਵੱਖ-ਵੱਖ ਨਜ਼ਮਾਂ ਪੇਸ਼ ਕਰਕੇ ਇਸ ਉਦਘਾਟਨੀ ਸਮਾਰੋਹ ਨੂੰ ਹੋਰ ਯਾਦਗਾਰੀ ਬਣਾਇਆ। ਇਸ ਮੌਕੇ ਡਾ. ਪਰਮਜੀਤ ਸਿੰਘ ਕਲਸੀ ਜ਼ਿਲ੍ਹਾ ਭਾਸ਼ਾ ਅਫ਼ਸਰ-ਕਮ- ਜ਼ਿਲ੍ਹਾ ਲਾਇਬ੍ਰੇਰੀਅਨ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਇੰਦਰਜੀਤ ਸਿੰਘ ਬਾਜਵਾ, ਅਸਿਸਟੈਂਟ ਐਡਵੋਕੇਟ ਜਨਰਲ ਪੁਰੂ ਜੇਰੇਵਾਲ, ਐੱਸ.ਡੀ. ਓ. ਲਵਜੀਤ ਸਿੰਘ, ਗੁੱਡ ਗਵਰਨਸ ਫੈਲੋ ਹਿਮਾਂਕਸ਼ੀ ਪੰਤ, ਕੁਮਾਰੀ ਨੇਹਾ, ਪ੍ਰਿੰਸੀਪਲ ਪ੍ਰੀਤ ਦਵਿੰਦਰ ਕੌਰ,ਐਡਵੋਕੇਟ ਸਵਤੰਤਰ ਬੀਰ ਸਿੰਘ, ਸਟੇਟ ਅਵਾਰਡੀ ਸੁਖਬੀਰ ਕੌਰ, ਮੱਖਣ ਕੁਹਾੜ, ਉਸਤਾਦ ਗਜ਼ਲਗੋ ਸੁਲੱਖਣ ਸਰਹੱਦੀ, ਗਜ਼ਲਗੋ ਕਮਲਜੀਤ ਸਿੰਘ ਕਮਲ, ਬੂਟਾ ਰਾਮ ਆਜ਼ਾਦ, ਵਿਜੇ ਅਗਨੀਹੋਤਰੀ, ਸਮਾਜ ਸੇਵੀ ਰਾਜੇਸ਼ ਬੱਬੀ, ਡਾਕਟਰ ਗੁਰਚਰਨ ਗਾਂਧੀ, ਰਮਨੀ ਸੁਜਾਨਪੁਰ, ਸਟੇਟ ਐਵਾਰਡੀ ਗਗਨਦੀਪ ਕੌਰ, ਡਾਕਟਰ ਗੋਲਡੀ, ਸ਼ੀਤਲ ਸਿੰਘ ਗੁੰਨੋਪੁਰ, ਕਹਾਣੀਕਾਰ ਤਰਸੇਮ ਸਿੰਘ ਭੰਗੂ, ਹਰਪ੍ਰੀਤ ਕੌਰ ਸਿੱਮੀ, ਠੇਕੇਦਾਰ ਗੋਲਡੀ, ਅਮਰਜੀਤ ਸਿੰਘ ਪੁਰੇਵਾਲ, ਬਾਲ ਗਾਇਕ ਬਲਰਾਜ ਸਿੰਘ, ਜੈਸਮੀਨ ਗਾਂਧੀ, ਜੋਗਿੰਦਰ ਸਿੰਘ ਗਿੱਲ, ਸਮਾਜ ਸੇਵੀ ਜਨਕ ਰਾਜ ਸ਼ਰਮਾ, ਅਸ਼ੋਕ ਹਸਤੀਰ, ਰਜਿੰਦਰ ਅਗਰਵਾਲ, ਗਾਇਕ ਪ੍ਰੀਤ ਰਾਣਾ, ਸੰਜੀਵ ਤੁਲੀ, ਰੁਪਿੰਦਰ ਕੌਰ ਆਦਿ ਹਾਜ਼ਰ ਸਨ।