ਪੰਜਾਬ ਸਰਕਾਰ ਨੇ 4532.60 ਕਰੋੜ ਰੁਪਏ ਦੀ ਪੈਨਸ਼ਨ ਲੱਗਭੱਗ 34.09 ਲਾਭਪਾਤਰੀਆਂ ਨੂੰ ਨਵੰਬਰ 2024 ਤੱਕ ਵੰਡੀ-ਵਿਧਾਇਕ ਸ਼ੈਰੀ ਕਲਸੀ

ਬਟਾਲਾ, 30 ਦਸੰਬਰ 2024 : ਬਟਾਲਾ ਦੇ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਤਹਿਤ ਲਾਭਪਾਤਰੀਆਂ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵਜੋਂ ਮਿਲਦੀ ਹੈ। ਨਵੰਬਰ 2024 ਤੱਕ ਲਗਭਗ 34.09 ਲੱਖ ਲਾਭਪਾਤਰੀਆਂ ਨੂੰ ਪੈਨਸ਼ਨ ਦਿੱਤੀ ਗਈ ਹੈ, ਜਿਸ ਵਿੱਚ 4532.60 ਕਰੋੜ ਰੁਪਏ ਜਨਤਕ ਵਿੱਤੀ ਪ੍ਰਬੰਧਨ ਪ੍ਰਣਾਲੀ ਰਾਹੀਂ ਪਾਰਦਰਸ਼ੀ ਢੰਗ ਨਾਲ ਅਦਾਇਗੀ ਕੀਤੀ ਗਈ। ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਲਈ ਮੁਫ਼ਤ ਬੱਸ ਯਾਤਰਾ ਸਕੀਮ ਦਾ ਉਦੇਸ਼ ਉਹਨਾਂ ਵਿੱਚ ਆਤਮ ਵਿਸ਼ਵਾਸ ਅਤੇ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ। ਹਰ ਮਹੀਨੇ 1 ਕਰੋੜ ਤੋਂ ਵੱਧ ਮਹਿਲਾਵਾਂ ਇਸ ਸਹੂਲਤ ਦਾ ਲਾਭ ਲੈ ਰਹੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਲੋਂ  ਗੁਰਦਾਸਪੁਰ ਵਿੱਚ ਲਗਾਏ ਗਏ ਮੈਗਾ ਪਲੇਸਮੈਂਟ ਕੈਂਪ ਵਿੱਚ 465 ਮਹਿਲਾਵਾਂ ਨੇ ਭਾਗ ਲਿਆ ਅਤੇ ਵੱਖ-ਵੱਖ ਕੰਪਨੀਆਂ ਵੱਲੋਂ ਮੌਕੇ ’ਤੇ ਇੰਟਰਵਿਊ ਲੈ ਕੇ  356 ਮਹਿਲਾਵਾਂ ਨੂੰ ਵੱਖ-ਵੱਖ ਅਸਾਮੀਆਂ ਲਈ ਚੁਣਿਆ ਗਿਆ। ਅਧਿਕਾਰੀਆਂ ਨੇ ਵੇਅਰਹਾਊਸ ਕਲਰਕ, ਮਸ਼ੀਨ ਆਪਰੇਟਰ, ਟੈਲੀਕਾਲਰ, ਕੰਪਿਊਟਰ ਆਪਰੇਟਰ, ਸੁਰੱਖਿਆ ਗਾਰਡ, ਵੇਅਰਹਾਊਸ ਪੈਕਰ, ਬੀਮਾ ਸਲਾਹਕਾਰ, ਲੋਨ ਐਡਵਾਈਜ਼ਰ ਅਤੇ ਵੈਲਨੈਸ ਐਡਵਾਈਜ਼ਰ ਵਰਗੀਆਂ ਪੋਸਟਾਂ ਲਈ ਮਹਿਲਾਵਾਂ ਦੀ ਇੰਟਰਵਿਊ ਲਈ ਗਈ।