- ਕੈਬਨਿਟ ਮੰਤਰੀ ਧਾਲੀਵਾਲ ਨੇ 1.72 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ੈੱਡ ਅਤੇ ਬਾਥਰੂਮਾਂ ਦਾ ਨੀਂਹ ਪੱਥਰ ਰੱਖਿਆ
ਬਟਾਲਾ, 15 ਮਾਰਚ : ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਬਟਾਲਾ ਦੇ ਸਬਜ਼ੀ ਮੰਡੀ ਵਿਖੇ 1.72 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ੈੱਡ ਅਤੇ ਬਾਥਰੂਮਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਹਲਕਾ ਵਿਧਾਇਕ ਬਟਾਲਾ, ਬਲਬੀਰ ਸਿੰਘ ਪੰਨੂ ਚੇਅਰਮੈਨ ਪਨਸਪ ਪੰਜਾਬ ਅਤੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ ਗੁਰਦਾਸਪੁਰ ਆਦਿ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆੜ੍ਹਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਇਨ੍ਹਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਐਨ ਆਰ ਆਈ ਮੰਤਰੀ ਸ ਧਾਲੀਵਾਲ ਨੇ ਅੱਗੇ ਕਿਹਾ ਕਿ ਸਾਡਾ ਮਕਸਦ ਅੱਜ ਦੇ ਆਧੁਨਿਕ ਯੁੱਗ ਵਿੱਚ ਖੇਤੀਬਾੜੀ ਦੇ ਧੰਦਿਆਂ ਨੂੰ ਹੋਰ ਬਿਹਤਰ ਬਣਾਉਣਾ ਹੈ।ਉਨ੍ਹਾਂ ਕਿਹਾ ਕਿ ਜਿਥੇ ਕਿਸਾਨ ਆਪਣੀ ਫਸਲ ਕਣਕ, ਝੋਨਾ, ਸ਼ਬਜੀਆਂ ਲੈ ਕੇ ਆਉਂਦੇ ਹਨ, ਉਨ੍ਹਾਂ ਮੰਡੀਆਂ ਨੂੰ ਵਿਕਸਿਤ ਕੀਤਾ ਜਾਵੇਗਾ। ਸ਼ੈੱਡ ਬਣਾਉਂਣ ਦੀ ਪਹਿਲੀ ਸ਼ੁਰੂਅਤ ਬਟਾਲਾ ਮੰਡੀ ਤੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਧਾਰੀਵਾਲ, ਭੈਣੀ ਮੀਆਂ ਖਾਨ, (ਕਾਦੀਆਂ) ਵਿੱਚ ਬਣਾਏ ਜਾਣਗੇ। ਹਲਕਾ ਫਤਿਹਗੜ੍ਹ ਚੂੜੀਆਂ ਤੇ ਕਾਲਾ ਅਫਗਾਨਾ ਵਿਖੇ 2 ਸ਼ੈੱਡ ਬਣਾਏ ਜਾਣਗੇ ਅਤੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਵਾਲ ਵਿਖੇ 1 ਸ਼ੈੱਡ ਬਣਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਬਟਾਲਾ ਹਲਕੇ ਵਿੱਚ ਪਿੰਡ ਵਡਾਲਾ ਗ੍ਰੰਥੀਆਂ, ਮਸਾਣੀਆਂ ਤੇ ਨੌਸ਼ਹਿਰਾ ਮੱਝਾ ਸਿੰਘ ਵਿਖੇ ਮੰਡੀਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਸ਼ੈੱਡ ਵੀ ਬਣਾਏ ਜਾਣਗੇ । ਉਨ੍ਹਾਂ ਕਿਹਾ ਜ਼ਿਲ੍ਹਾ ਗੁਰਦਾਸਪੁਰ ਦੀਆਂ ਮੰਡੀਆਂ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਤੋ ਇਲਾਵਾ ਉਨ੍ਹਾਂ ਬਟਾਲਾ ਮੰਡੀ ਵਿੱਚ 10 ਲੱਖ ਦੀ ਲਾਗਤ ਨਾਲ ਨਵੇ ਬਾਥਰੂਮ ਬਣਾਉਂਣ ਦਾ ਵੀ ਐਲਾਨ ਕੀਤਾ। ਇਸ ਮੌਕੇ ਹਲਕਾ ਵਿਧਾਇਕ ਸ਼ੈਰੀ ਕਲਸੀ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਬਟਾਲਾ ਦੇ ਆੜ੍ਹਤੀਆਂ , ਕਿਸਾਨਾਂ ਅਤੇ ਮਜ਼ਦੂਰਾਂ ਦੀ ਚਿਰੋਕਣੀ ਮੰਗ ਨੂੰ ਪਿਆ ਬੂਰ ਪਿਆ ਹੈ ਅਤੇ ਸ਼ੈੱਡ ਅਤੇ ਬਾਥਰੂਮ ਬਣਨ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੇਗੀ। ਹਲਕਾ ਬਟਾਲਾ ਦੇ ਸਰਬਪੱਖੀ ਵਿਕਾਸ ਦੀ ਵਚਨਬੱਧਤਾ ਨੂੰ ਦੁਹਰਾਉਦਿਆਂ ਉਨ੍ਹਾ ਕਿਹਾ ਕਿ ਬਟਾਲਾ ਹਲਕੇ ਨੂੰ ਵਿਕਾਸ ਪੱਖੋਂ ਸੂਬੇ ਦਾ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ ਤੇ ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਦੇ ਸੁੰਦਰੀਕਰਨ ਤੇ ਵਿਕਾਸ ਕੰਮ ਤੇਜਗਤੀ ਨਾਲ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੀ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕਰਨੀਆਂ ਤੇ ਲੋਕ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੇ ਪਾਰਦਰਸ਼ੀ ਤੇ ਨਿਰਪੱਖਤਾ ਨਾਲ ਪਹੁੰਚਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ।