ਜ਼ਿਲ੍ਹੇ ਵਿੱਚ ਪਰਾਲੀ ਨਾ ਸਾੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਪੋਲਿੰਗ ਸਟਾਫ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕਰਨ ਲਈ ਪੈਂਫਲਿਟ ਵੀ ਵੰਡੇ ਜ਼ਿਲ੍ਹੇ ’ਚ ਪਰਾਲੀ ਪ੍ਰਬੰਧਨ ਲਈ ਪੂਰੀ ਮਸ਼ੀਨਰੀ ਉਪਲਬੱਧ

ਗੁਰਦਾਸਪੁਰ, 14 ਅਕਤੂਬਰ 2024 : ਜ਼ਿਲ੍ਹੇ ਵਿੱਚ ਝੋਨੇ ਦੀ ਵਾਢੀ ਵਿੱਚ ਹੁਣ ਤੇਜ਼ੀ ਆ ਗਈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਮੰਡੀਆਂ ਵਿੱਚ ਜਾ ਕੇ ਅਤੇ ਖੇਤਾਂ ਵਿੱਚ ਪਹੁੰਚ ਕਰਕੇ ਲਗਾਤਾਰ ਕਿਸਾਨਾਂ ਨਾਲ ਝੋਨੇ ਦੀ ਖ਼ਰੀਦ ਅਤੇ ਪਰਾਲੀ ਪ੍ਰਬੰਧਨ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ, ਸ੍ਰੀ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਅਨਾਜ ਮੰਡੀ ਵਿੱਚ ਆਪਣੀ ਫ਼ਸਲ ਲੈ ਕੇ ਆਏ ਕਿਸਾਨਾਂ ਨਾਲ ਗੱਲਬਾਤ ਕਰਕੇ, ਉਨ੍ਹਾਂ ਨੂੰ ਪਰਾਲੀ ਪ੍ਰਬੰਧਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਉਪਰਾਲਿਆਂ ਤੋਂ ਕਿਸਾਨਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਚਾਇਤੀ ਚੋਣਾਂ ਵਿੱਚ ਪੋਲਿੰਗ ਸਟਾਫ ਨੂੰ ਪਰਾਲੀ ਨਾ ਸਾੜਨ ਅਤੇ ਪਰਾਲੀ ਸਾੜਨ ਦੇ ਮਾੜੇ  ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਮੰਤਵ ਲਈ ਪੈਂਫਲਿਟ ਵੀ ਵੰਡੇ ਗਏ ਹਨ, ਜੋ ਪਿੰਡਾਂ ਵਿੱਚ ਵੋਟਰਾਂ ਨੂੰ ਪਰਾਲੀ ਨਾ ਸਾੜਨ ਬਾਰੇ ਪ੍ਰੇਰਿਤ ਕਰਨਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇੰਨ ਸੀਟੂ ਤੇ ਐਕਸ ਸੀਟੂ ਦੋਵੇਂ ਤਕਨੀਕਾਂ ਨਾਲ ਪਰਾਲੀ ਪ੍ਰਬੰਧਨ ਕਰਨ ਲਈ ਪੂਰੀ ਮਸ਼ੀਨਰੀ ਉਪਲਬੱਧ ਹੈ ਤੇ ਜਿਥੇ ਕਿਸਾਨ ਨੂੰ ਮਸ਼ੀਨਰੀ ਉਪਲਬੱਧ ਕਰਵਾਉਣ ਲਈ ਪਿੰਡ ਪੱਧਰ ਤੱਕ ਵਿਲੇਜ਼ ਲੈਵਲ, ਨੋਡਲ ਅਫ਼ਸਰ ਤੇ ਕਲੱਸਟਰ ਅਫ਼ਸਰ ਲਗਾਏ ਗਏ ਹਨ, ਉਥੇ ਕਿਸਾਨ ਦੀ ਸਹੂਲਤ ਲਈ ਹੈਲਪ ਲਾਈਨ ਨੰਬਰ 1800-180-1852 ਵੀ ਜਾਰੀ ਕੀਤਾ ਹੋਇਆ ਹੈ ਤੇ ਪੰਜਾਬ ਸਰਕਾਰ ਵੱਲੋਂ ਮਸ਼ੀਨਰੀ ਦੀ ਬੁਕਿੰਗ ਲਈ ’ਉੱਨਤ ਕਿਸਾਨ’ ਐਪ ਵੀ ਬਣਾਈ ਗਈ ਹੈ, ਜਿੱਥੋਂ ਕਿਸਾਨ ਆਸਾਨੀ ਨਾਲ ਆਪਣੇ ਨੇੜੇ ਮੌਜੂਦ ਮਸ਼ੀਨ ਦੀ ਬੁਕਿੰਗ ਕਰਵਾ ਸਕਦੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਝੋਨੇ ਦੀ ਆਮਦ ਤੇਜ਼ ਹੋਣੀ ਸ਼ੁਰੂ ਹੋ ਗਈ ਹੈ ਅਤੇ ਬੀਤੇ ਕੱਲ ਤੱਕ 9364 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ 8 ਕਰੋੜ 46 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।