
ਅੰਮ੍ਰਿਤਸਰ, 20 ਅਪ੍ਰੈਲ 2025 : ਅੰਮ੍ਰਿਤਸਰ (ਦਿਹਾਤੀ) ਦੇ ਸਪੈਸ਼ਲ ਸੈੱਲ ਨੇ ਪਾਕਿ ਤਸਕਰਾਂ ਵੱਲੋਂ ਸੁੱਟੇ ਗਏ ਹਥਿਆਰਾਂ ਅਤੇ ਹੈਰੋਇਨ ਦਾ ਵਪਾਰ ਕਰਨ ਵਾਲੇ ਇਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਸੱਤ ਨੌਂ ਐੱਮਐੱਮ ਗਲੌਕ ਪਿਸਤੌਲ, ਸੱਤ ਮੈਗਜ਼ੀਨ, ਸੱਤ ਕਾਰਤੂਸ, ਦੋ ਕਿਲੋ ਹੈਰੋਇਨ, 2 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਆਟੋ ਰਿਕਸ਼ਾ ਬਰਾਮਦ ਕੀਤਾ ਗਿਆ ਹੈ। ਏਸੀਪੀ ਮਨਿੰਦਰ ਸਿੰਘ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਜਤਿੰਦਰ ਸਿੰਘ ਉਰਫ਼ ਰੋਸ਼ਾ ਵਾਸੀ ਪਿੰਡ ਕਾਉਂਕੇ ਘਰਿੰਡਾ ਥਾਣਾ, ਰਣਜੀਤ ਸਿੰਘ ਉਰਫ਼ ਜੀਤ ਵਾਸੀ ਪਿੰਡ ਢੋਡੀਵਿੰਡ ਅਤੇ ਕਰਨ ਵਾਸੀ ਸਰਪੰਚ ਵਾਲਾ ਚੌਕ ਮੋਹਕਮਪੁਰਾ ਵਜੋਂ ਕੀਤੀ ਹੈ। ਸਪੈਸ਼ਲ ਸੈੱਲ ਦੇ ਇੰਸਪੈਕਟਰ ਸਤਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਲੋਪੋਕੇ ਥਾਣੇ ਅਧੀਨ ਆਉਂਦੇ ਪਿੰਡ ਬੋਪਾਰਾਏ ਬਾਜ ਸਿੰਘ ਵਿਚ ਇਕ ਆਟੋ ਵਿਚ ਹੈਰੋਇਨ ਦੀ ਵੱਡੀ ਖੇਪ ਲਿਆਉਣ ਜਾ ਰਹੇ ਹਨ। ਇਸ ਆਧਾਰ ’ਤੇ ਪੁਲਿਸ ਨੇ ਉਕਤ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਤਿੰਨਾਂ ਨੂੰ ਫੜ ਲਿਆ ਅਤੇ ਤਲਾਸ਼ੀ ਦੌਰਾਨ ਉਨ੍ਹਾਂ ਤੋਂ ਹਥਿਆਰ ਅਤੇ ਹੈਰੋਇਨ ਬਰਾਮਦ ਕੀਤੀ। ਮੁਲਜ਼ਮਾਂ ਨੇ ਦੱਸਿਆ ਕਿ ਇਹ ਖੇਪ ਕੁਝ ਦਿਨ ਪਹਿਲਾਂ ਪਾਕਿਸਤਾਨੀ ਤਸਕਰਾਂ ਨੇ ਡ੍ਰੋਨ ਰਾਹੀਂ ਭਾਰਤੀ ਖੇਤਰ ’ਚ ਸੁੱਟ ਦਿੱਤੀ ਸੀ, ਜਿਸ ਨੂੰ ਸਰਹੱਦੀ ਤਸਕਰਾਂ ਨੇ ਆਪਣੇ ਕਬਜ਼ੇ ’ਚ ਲੈ ਲਿਆ ਸੀ ਅਤੇ ਹੁਣ ਉਹ ਇਸ ਖੇਪ ਨੂੰ ਅੱਗੇ ਸਪਾਲਈ ਲਈ ਉਨ੍ਹਾਂ ਤੋਂ ਲਿਆਂਦਾ ਗਿਆ ਸੀ। ਐੱਸਐੱਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਗਿਰੋਹ ਦੇ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।