- ਸ਼ਹਿਰ ਅੰਦਰ ਤਿਆਰੀਆਂ ਤੇਜ਼ੀ ਨਾਲ ਜਾਰੀ
ਬਟਾਲਾ, 9 ਸਤੰਬਰ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ (ਜੋੜ ਮੇਲਾ) ਜੋ ਕਿ 22 ਸਤੰਬਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ, ਦੀ ਤਿਆਰੀ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਵਿਆਹ ਪੁਰਬ ਸਮਾਗਮ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਗੱਲ ਕਰਦਿਆਂ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਦੇਸ਼-ਵਿਦੇਸ਼ ਵਿੱਚੋਂ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਵਿਆਹ ਪੁਰਬ ਸਮਾਗਮ ਸਫਲਤਾਪੂਰਵਕ ਢੰਗ ਨਾਲ ਨੇਪਰੇ ਚਾੜ੍ਹੇ ਜਾਣ। ਵਿਧਾਇਕ ਸ਼ੈਰੀ ਕਲਸੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਆਹ ਪੁਰਬ ਸਮਾਗਮ ਲਈ ਵੱਧ ਤੋਂ ਵੱਧ ਤੋਂ ਸਹਿਯੋਗ ਕੀਤਾ ਜਾਵੇ ਅਤੇ ਸਮੂਹਿਕ ਸਹਿਯੋਗ ਨਾਲ ਵਿਆਹ ਪੁਰਬ ਸਮਾਗਮ ਕਰਵਾਏ ਜਾਣ। ਉਨਾਂ ਅੱਗੇ ਕਿਹਾ ਕਿ ਸ਼ਹਿਰ ਅੰਦਰ ਸਾਫ-ਸਫਾਈ ਸਮੇਤ ਸ਼ਹਿਰ ਦੇ ਸੁੰਦਰੀਕਰਨ ਲਈ ਖਾਸ ਉਪਰਾਲੇ ਕੀਤੇ ਜਾਣਗੇ ਤੇ ਵਿਆਹ ਪੁਰਬ ਸਮਾਗਮ ਦੀਆਂ ਤਿਆਰੀਆਂ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਗੱਲ ਕਰਦਿਆਂ ਡਾ. ਸਾਇਰੀ ਭੰਡਾਰੀ, ਐਸ.ਡੀ.ਐਮ-ਕਮ-ਕਮਿਸ਼ਨਰ ਕਾਰਪੋਰੇਸ਼ਨ ਬਟਾਲਾ ਨੇ ਦੱਸਿਆ ਕਿ ਕਾਰਪੋਰੇਸ਼ਨ ਵਲੋਂ ਵਿਆਹ ਪੁਰਬ ਸਮਾਗਮ ਦੀਆਂ ਤਿਆਰੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ ਤੇ ਸੰਗਤਾਂ ਦੀ ਸਹੂਲਤ ਦੇ ਸੁਚਾਰੂ ਢੰਗ ਨਾਲ ਪ੍ਰਬੰਧ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਖੁੱਲੇ ਸੀਵਰੇਜ ਦੇ ਮੇਨ ਹੋਲ ਤੇ ਸਟਰੀਟ ਲਾਈਟਾਂ ਦੀ ਰਿਪੇਅਰ ਯਕੀਨੀ ਬਣਾਈ ਜਾ ਰਹੀ ਹੈ ਤਾਂ ਜੋ ਕਿ ਸੰਗਤ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ। ਉਨਾਂ ਦੱਸਿਆ ਕਿ ਸੀਵਰੇਜ ਦੀ ਸਮੱਸਿਆ ਜਾਂ ਕਿਤੇ ਸੀਵਰੇਜ ਉੱਪਰ ਢੱਕਣ ਖਰਾਬ ਹੈ ਜਾਂ ਬਦਲਣ ਵਾਲਾ ਹੈ ਤਾਂ ਹੈਲਪਲਾਈਨ ਨੰਬਰ 84275-66323 ਤੇ ਸੰਪਰਕ ਕੀਤਾ ਜਾ ਸਕਦਾ ਹੈ। ਸ਼ਹਿਰ ਵਿੱਚ ਜੇਕਰ ਕਿਧਰੇ ਕੂੜੇ ਦੀ ਸਮੱਸਿਆ ਹੈ ਤਾਂ ਹੈਲਪ ਲਾਈਨ ਨੰਬਰ 62831-57990 ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਸਟਰੀਟ ਲਾਈਟਾਂ ਦੀ ਸਮੱਸਿਆ ਹੱਲ ਕਰਵਾਉਣ ਲਈ ਹੈਲਪ ਲਾਈਨ ਨੰਬਰ 75087-26497 ਤੇ ਸੰਪਰਕ ਕੀਤਾ ਜਾ ਸਕਦਾ ਹੈ।