- ਅਜਨਾਲੇ ਵਿੱਚ ਬਣ ਰਹੀਆਂ ਸੜਕਾਂ ਦਾ ਮੌਕੇ ਤੇ ਪਹੁੰਚ ਕੇ ਲਿਆ ਜਾਇਜਾ
ਅੰਮ੍ਰਿਤਸਰ 21 ਨਵੰਬਰ : ਪਿਛਲੇ ਕਈ ਦਹਾਕਿਆਂ ਤੋਂ ਕਿਸੇ ਵੀ ਸਰਕਾਰ ਨੇ ਅਜਨਾਲੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਰਕੇ ਅਜਨਾਲਾ ਇਕ ਪਛੜਿਆ ਹੋਇਆ ਖੇਤਰ ਗਿਣਿਆਂ ਜਾਂਦਾ ਸੀ ਪਰੰਤੂ ਹੁਣ ਅਜਨਾਲੇ ਦੇ ਚਾਰੇ ਪਾਸੇ ਸੜ੍ਹਕਾਂ ਦਾ ਜਾਲ ਵਿੱਛ ਰਿਹਾ ਹੈ ਅਤੇ ਅਜਨਾਲੇ ਦੇ ਸਰਵਪੱਖੀ ਵਿਕਾਸ ਲਈ ਕੋਈ ਵੀ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਹਲਕੇ ਵਿੱਚ ਬਣ ਰਹੀਆਂ ਵੱਖ-ਵੱਖ ਸੜ੍ਹਕਾਂ ਦਾ ਮੌਕੇ ਤੇ ਪਹੁੰਚ ਕੇ ਜਾਇਜਾ ਲੈਣ ਉਪਰੰਤ ਕੀਤਾ। ਉਨਾਂ ਦੱਸਿਆ ਕਿ ਅਜਨਾਲਾ ਦੇ ਚਾਰੇ ਪਾਸੇ ਸੜ੍ਹਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਇਸ ਨਾਲ ਕਾਫ਼ੀ ਸਹੂਲਤ ਮਿਲੇਗੀ। ਉਨਾਂ ਦੱਸਿਆ ਕਿ ਗੁਰਦੁਆਰਾ ਪਰੋ ਸਾਹਿਬ ਤੋਂ ਮੱਤੇਵਾਲ ਤੋਂ ਵਿਛੋਆ ਤੱਕ 9 ਕਿਲੋਮੀਟਰ ਲੰਬੀ ਸੜ੍ਹਕ ਬਣਾਈ ਜਾ ਰਹੀ ਹੈ ਅਤੇ ਇਸ ਸੜ੍ਹਕ ਨੂੰ 18 ਫੁੱਟ ਚੌੜਾ ਵੀ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਸੜ੍ਹਕ ਤੇ 6.5 ਕਰੋੜ ਰੁਪਏ ਖਰਚ ਆਉਣਗੇ। ਉਨਾਂ ਦੱਸਿਆ ਕਿ ਉਹ ਬਣ ਰਹੀਆਂ ਸੜ੍ਹਕਾਂ ਦਾ ਖੁਦ ਨਿਰੀਖਣ ਕਰ ਰਹੇ ਹਨ ਅਤੇ ਠੇਕੇਦਾਰ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਵਿਕਾਸ ਦੇ ਨਾਂ ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਕ ਸਾਲ ਦੇ ਅੰਦਰ ਅੰਦਰ ਅਜਨਾਲਾ ਬਦਲਿਆ ਹੋਇਆ ਸ਼ਹਿਰ ਨਜ਼ਰ ਆਵੇਗਾ। ਉਨਾਂ ਦੱਸਿਆ ਕਿ ਅਜਨਾਲੇ ਦੇ ਸਰਵਪੱਖੀ ਵਿਕਾਸ ਲਈ ਪੰਚਾਇਤ ਘਰ , ਵੈਟਨਰੀ ਹਸਪਤਾਲ ਆਦਿ ਕੰਮ ਤੇਜੀ ਨਾਲ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਰਾਵੀ ਦਰਿਆ ਵਿੱਚ ਪਾਣੀ ਆਉਣ ਕਰਕੇ ਸਪਰਮ ਖ਼ਰਾਬ ਹੋ ਗਏ ਸਨ। ਜਿਨਾਂ ਤੇ 10 ਕਰੋੜ ਰੁਪਏ ਖਰਚ ਕੀਤੇ ਜਾਣਗੇ। ਧਾਲੀਵਾਲ ਨੇ ਅੱਗੇ ਦੱਸਿਆ ਕਿ ਅਜਨਾਲ ਵਾਸੀਆਂ ਲਈ ਸਭ ਤੋਂ ਵੱਡੀ ਸੌਗਾਤ ਕੱਲ ਮਿਲਣ ਜਾ ਰਹੀ ਹੈ। ਉਨਾਂ ਦੱਸਿਆ ਕਿ ਅਜਨਾਲੇ ਤੋਂ ਫਤਿਹਗੜ੍ਹ ਚੂੜੀਆਂ - ਰਮਦਾਸ ਸੜ੍ਹਕ ਦੀ ਮੁਰੰਮਤ ਦਾ ਟੈਂਡਰ ਕੱਲ੍ਹ ਖੋਲਿ੍ਹਆ ਜਾਵੇਗਾ ਜਿਸ ਤੇ 55 ਕਰੋੜ ਰੁਪਏ ਖਰਚ ਆਉਣਗੇ। ਉਨਾਂ ਦੱਸਿਆ ਕਿ ਅਜਨਾਲੇ ਦੇ ਸਕੂਲਾਂ ਲਈ 27 ਕਰੋੜ 85 ਲੱਖ ਰੁਪਏ ਖਰਚ ਕਰਕੇ ਸਕੂਲਾਂ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੰਜਾਬ ਦੇ ਚਹੁੰਤਰਫਾ ਵਿਕਾਸ ਨੂੰ ਆਪਣਾ ਮੁੱਖ ਏਜੰਡਾ ਬਣਾਇਆ ਹੈ ਅਤੇ ਸੂਬੇ ਵਿੱਚ ਸਿਹਤ ਸਿੱਖਿਆ ਅਤੇ ਖੇਡਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਵਿਰੋਧੀ ਧਿਰਾਂ ਕੋਲ ਬੋਲਣ ਲਈ ਕੋਈ ਮੁੱਦਾ ਨਹੀਂ। ਧਾਲੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਕੰਮ ਕਰ ਰਹੇ ਹਨ ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ।