ਵਾਤਾਵਰਨ ਦੀ ਸਵੱਛਤਾ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ - ਡਿਪਟੀ ਕਮਿਸ਼ਨਰ

  • ਅੰਮ੍ਰਿਤਸਰ ਫੋਰਮ ਫਾਰ ਕਲੀਨ ਏਅਰ ਦੀ ਸ਼ੁਰੂਆਤ 

ਅੰਮ੍ਰਿਤਸਰ, 22 ਫਰਵਰੀ 2025 : ਵਾਤਾਵਰਨ ਦੀ ਸਵੱਛਤਾ ਲਈ ਸਾਂਝੇ ਤੌਰ ਤੇ ਕੰਮ ਕਰਨ ਦੇ ਯਤਨਾਂ ਲਈ ਸਥਾਪਤ ਕੀਤੀ ਗਈ ਅੰਮ੍ਰਿਤਸਰ ਫੋਰਮ ਫਾਰ ਕਲੀਨ ਏਅਰ ਦੀ ਸ਼ੁਰੂਆਤ ਮੌਕੇ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਦਾ ਵੱਧ ਰਿਹਾ ਸੰਕਟ ਹਰ ਗੁਜ਼ਰਦੇ ਦਿਨ ਦੇ ਨਾਲ ਸਿਹਤ ਅਤੇ ਵਾਤਾਵਰਣ ਲਈ ਗੰਭੀਰ ਚੁਣੌਤੀਆਂ ਪੈਦਾ ਕਰ ਰਿਹਾ ਹੈ। ਇਸ ਵਧ ਰਹੇ ਸੰਕਟ ਦਾ ਮੁਕਾਬਲਾ ਕਰਨ ਲਈ ਸਰਕਾਰੀ ਸੰਸਥਾਵਾਂ, ਸਿਹਤ ਸੰਭਾਲ ਪੇਸ਼ੇਵਰਾਂ, ਵਾਤਾਵਰਣ ਮਾਹਿਰਾਂ, ਮੀਡੀਆ ਅਤੇ ਜਨਤਾ ਲਈ ਇਕੱਠੇ ਹੋਣਾ ਅਤੇ ਸਾਂਝੇ ਤੌਰ ਉੱਤੇ ਇਸ ਮਹੱਤਵਪੂਰਨ ਵਿਸ਼ੇ ਲਈ ਕੰਮ ਕਰਨਾ ਬੇਹੱਦ ਜਰੂਰੀ ਹੈ। ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਕੇਅਰ ਫਾਊਡੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਚਕਾਰ ਇੱਕ ਸਮਝੌਤਾ ਪੱਤਰ (ਐਮਓਯੂ) 'ਤੇ ਹਸਤਾਖਰ ਕੀਤੇ ਗਏ ਜੋ ਹਵਾ ਪ੍ਰਦੂਸ਼ਣ ਨੂੰ ਹੱਲ ਕਰਨ ਲਈ ਸਹਿਯੋਗੀ ਯਤਨਾਂ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਡਾ. ਸਾਕਸੀ ਸਾਹਨੀ ਨੇ ਇਸ ਪਹਿਲਕਦਮੀ ਦਾ ਸਮਰਥਨ ਕਰਨ ਅਤੇ ਸਾਫ ਹਵਾ ਦੇ ਉਪਾਵਾਂ ਨੂੰ ਜੋੜਨ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਉਤੇ ਜੋਰ ਦਿੱਤਾ। ਮਹੱਤਵਪੂਰਨ ਵਿਸ਼ੇ ਉੱਤੇ ਇਹ ਪ੍ਰੋਗਰਾਮ ਇੰਡੀਅਨ ਮੈਡੀਕਲ ਐਸੋਸੀਏਸ਼ਨ ਅੰਮ੍ਰਿਤਸਰ ਨੇ ਜਿਲ੍ਹਾ ਪ੍ਰਸ਼ਾਸਨ  ਦੇ ਸਹਿਯੋਗ ਨਾਲ ਡਾਕਟਰਜ਼ ਫਾਰ ਕਲੀਨ ਏਅਰ ਐਂਡ ਕਲਾਈਮੈਂਟ ਐਕਸ਼ਨ ਦੇ ਪ੍ਰੋਗਰਾਮ ਰਾਹੀਂ ਕੇਅਰ ਫਾਊਂਡੇਸ਼ਨ, ਜੋ ਕਿ ਇੱਕ ਗਿੰਨੀਜ਼ ਵਰਲਡ ਰਿਕਾਰਡ-ਹੋਲਡਿੰਗ ਸਮਾਜਿਕ ਪ੍ਰਭਾਵ ਟਰੱਸਟ ਹੈ, ਦੁਆਰਾ ਅੰਮ੍ਰਿਤਸਰ ਵਿੱਚ ਕਰਵਾਇਆ ਗਿਆ। ਫੋਰਮ ਨੇ ਉਕਤ ਵਿਸ਼ੇਸ਼ ਤੇ ਜਾਗਰੂਕਤਾ ਪੈਦਾ ਕਰਨ, ਸਾਫ਼ ਹਵਾ ਅਤੇ ਇੱਕ ਸਿਹਤਮੰਦ ਭਵਿੱਖ ਲਈ ਕਾਰਜਸ਼ੀਲ ਰਣਨੀਤੀਆਂ ਵਿਕਸਿਤ ਕਰਨ ਲਈ ਇੱਕ ਬਹੁ-ਪੱਖੀ ਹਿੱਸੇਦਾਰ ਪਲੇਟਫਾਰਮ ਵਜੋਂ ਕੰਮ ਕੀਤਾ। ਫੋਰਮ ਨੇ ਡਾਕਟਰਾਂ, ਨੀਤੀ ਨਿਰਮਾਤਾਵਾਂ, ਸਿੱਖਿਆ ਸ਼ਾਸਤਰੀਆਂ, ਨੌਜਵਾਨਾਂ ਅਤੇ ਮੀਡੀਆ ਨੂੰ ਹਵਾ ਪ੍ਰਦੂਸ਼ਣ ਦੇ ਸਿਹਤ ਪ੍ਰਭਾਵਾਂ ਨੂੰ ਘਟਾਉਣ ਲਈ ਸਮੂਹਿਕ ਊਰਜਾ ਨੂੰ ਇਸ ਮਕਸਦ ਲਈ ਕੰਮ ਕਰਨ ਵਾਸਤੇ ਪ੍ਰੇਰਿਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਡਾ: ਰੁਪਿੰਦਰ ਕੌਰ, ਆਈਐਮਏ ਪ੍ਰੈਜੀਡੈਂਟ ਅੰਮ੍ਰਿਤਸਰ ਅਤੇ ਡਾ: ਸਿਵਾਨੀ ਸੂਦ, ਚੇਅਰਪਰਸਨ ਅੰਮ੍ਰਿਤਸਰ ਫੋਰਮ ਫਾਰ ਕਲੀਨ ਏਅਰ ਦੇ ਸੰਬੋਧਨ ਨਾਲ ਹੋਈ। ਮਾਹਰ ਡਾ. ਪੀ.ਐਸ. ਬਖਸ਼ੀ ਨੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਸਿਹਤ ਸੰਭਾਲ ਪੇਸ਼ਵਰਾਂ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੱਤਾ। ਡਾ: ਆਦਰਸ਼ ਪਾਲ ਵਿਗ ਨੇ ਪੰਜਾਬ ਵਿੱਚ ਇਸ ਦੇ ਵਾਤਾਵਰਨ 'ਤੇ ਪੈਣ ਵਾਲੇ ਪ੍ਰਭਾਵਾਂ 'ਤੇ ਚਾਨਣਾ ਪਾਇਆ, ਜਦਕਿ ਡਾ. ਅਰਵਿੰਦ ਕੁਮਾਰ ਨੇ ਸਮੂਹਿਕ ਕਾਰਵਾਈ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਇਸ ਦੇ ਗੰਭੀਰ ਸਿਹਤ ਨਤੀਜਿਆ 'ਤੇ ਜ਼ੋਰ ਦਿੱਤਾ। ਇਸ ਇਵੈਂਟ ਵਿੱਚ ਅਕਾਦਮਿਕ, ਸਰਕਾਰ ਅਤੇ ਮੈਡੀਕਲ ਭਾਈਚਾਰੇ ਸਮੇਤ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨਾਲ ਇੱਕ ਪੈਨਲ ਚਰਚਾ ਵੀ ਕੀਤੀ ਗਈ।  ਸਮਾਗਮ ਦੀ ਸਮਾਪਤੀ 'ਤੇ ਮੈਂਬਰਸ਼ਿਪ ਸਰਟੀਫਿਕੇਟ ਸਮਰਪਿਤ ਮੈਡੀਕਲ ਪੇਸੇਵਰਾਂ ਨੂੰ ਵੱਡੇ ਗਏ, ਜਿਨ੍ਹਾਂ ਨੇ ਸਾਫ਼ ਹਵਾ ਅਤੇ ਜਨਤਕ ਸਿਹਤ ਲਈ ਵਕਾਲਤ ਕਰਨ ਦਾ ਵਾਅਦਾ ਕੀਤਾ। ਫੋਰਮ ਵਿੱਚ ਸ. ਸੁਰਿੰਦਰ ਸਿੰਘ, ਵਧੀਕ ਕਮਿਸ਼ਨਰ, ਨਗਰ ਨਿਗਮ, ਅੰਮ੍ਰਿਤਸਰ, ਸ੍ਰੀਮਤੀ ਡਾ. ਗੁਰਸਿਮਰਨਜੀਤ ਕੌਰ ਸਹਾਇਕ ਕਮਿਸ਼ਨਰ (ਜ) ਅੰਮ੍ਰਿਤਸਰ, ਸ. ਸੁਖਦੇਵ ਸਿੰਘ, ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਡਾ. ਰਵਨੀਤ ਸਿੰਘ ਗਰੋਵਰ, ਪਲਮੋਨੇਲੈਜਿਸਟ, ਅੰਮ੍ਰਿਤਸਰ, ਸ੍ਰੀਮਤੀ ਡਾ. ਜਤਿੰਦਰ ਕੌਰ, ਐਚਓਡੀ. ਜੀ.ਐਨ.ਡੀ.ਯੂ. ਅਤੇ ਹੋਰ ਪਤਵੰਤੇ ਹਾਜ਼ਰ ਸਨ।