ਗੁਰਦਾਸਪੁਰ, 13 ਜੂਨ : ਐੱਨ.ਡੀ.ਆਰ.ਐੱਫ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਵੇਰਕਾ ਮਿਲਕ ਪਲਾਂਟ ਗੁਰਦਾਸਪੁਰ ਵਿਖੇ ਅਮੋਨੀਆ ਗੈਸ ਦੀ ਲੀਕੇਜ ਤੋਂ ਬਚਾਅ ਬਾਰੇ ਮੌਕ ਡਰਿੱਲ ਕੀਤੀ ਗਈ। ਇਸ ਮੌਕ ਡਰਿੱਲ ਵਿੱਚ 15 ਵੱਖ-ਵੱਖ ਵਿਭਾਗਾਂ ਦੇ 164 ਅਧਿਕਾਰੀਆਂ ਤੇ ਕਰਮਚਾਰੀਆਂ ਨੇ ਭਾਗ ਲਿਆ। ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ ਸੁਭਾਸ਼ ਚੰਦਰ ਅਤੇ ਸਹਾਇਕ ਕਮਿਸ਼ਨਰ (ਜ) ਸ੍ਰੀ ਸਚਿਨ ਪਾਠਕ ਦੀ ਅਗਵਾਈ ਹੇਠ ਹੋਈ ਇਸ ਮੌਕ ਡਰਿੱਲ ਵਿੱਚ ਐੱਨ.ਡੀ.ਆਰ.ਐੱਫ ਦੇ ਇੰਸਪੈਕਟਰ ਸੰਜੇ ਬਿਸ਼ਟ ਤੇ ਉਨ੍ਹਾਂ ਦੀ ਟੀਮ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਕਰਮਚਾਰੀਆਂ ਨੂੰ ਅਮੋਨੀਆ ਗੈਸ ਦੀ ਲੀਕੇਜ਼ ਤੋਂ ਬਚਣ ਦੇ ਉਪਾਅ ਦੱਸੇ ਗਏ। ਅੱਜ ਦੀ ਮੌਕ ਡਰਿੱਲ ਵਿੱਚ ਇਹ ਨਕਲੀ ਦ੍ਰਿਸ਼ ਬਣਾਇਆ ਗਿਆ ਕਿ ਵੇਰਕਾ ਮਿਲਕ ਪਲਾਂਟ ਵਿੱਚ 200 ਕਿਲੋਗ੍ਰਾਂਮ ਅਮੋਨੀਆ ਗੈਸ ਦੇ ਸਿਲੰਡਰ ਲੀਕ ਹੋ ਗਏ ਹਨ, ਜਿਸ ਦੀ ਗੈਸ ਕਾਰਨ 8 ਕਾਮੇ ਪਲਾਂਟ ਦੇ ਅੰਦਰ ਫਸ ਗਏ ਹਨ। ਇਨ੍ਹਾਂ ਵਿਚੋਂ 4 ਕਾਮਿਆਂ ਨੂੰ ਐੱਨ.ਡੀ.ਆਰ.ਐੱਫ ਟੀਮ ਆਉਣ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੇ ਪੱਧਰ ’ਤੇ ਬਚਾਅ ਕਾਰਜਾਂ ਤਹਿਤ ਸੁਰੱਖਿਅਤ ਬਾਹਰ ਕੱਢ ਲਿਆ ਹੈ, ਜਦਕਿ 4 ਕਾਮੇ ਅਜੇ ਵੀ ਚਿਲਿੰਗ ਪਲਾਂਟ ਦੇ ਅੰਦਰ ਫਸੇ ਹੋਏ ਹਨ। ਹਾਲਾਂਕਿ ਲੋਕਲ ਬਚਾਅ ਕਰਮੀ ਆਪਣੀ ਪੂਰੀ ਵਾਹ ਲਗਾ ਰਹੇ ਹਨ ਪਰ ਇਹ ਉਨ੍ਹਾਂ ਦੇ ਵੱਸ ਤੋਂ ਬਾਹਰ ਦੀ ਗੱਲ ਹੈ। ਇਸੇ ਦੌਰਾਨ ਐੱਨ.ਡੀ.ਆਰ.ਐੱਫ ਦੀ ਟੀਮ ਘਟਨਾ ਵਾਲੀ ਥਾਂ ’ਤੇ ਪਹੁੰਚਦੀ ਹੈ ਅਤੇ ਆਪਣੀ ਪੇਸ਼ੇਵਰਾਨਾ ਪਹੁੰਚ ਸਦਕਾ ਉਹ ਫਸੇ ਹੋਏ ਬਾਕੀ ਕਾਮਿਆਂ ਨੂੰ ਵੀ ਸੁਰੱਖਿਅਤ ਬਾਹਰ ਕੱਢ ਲੈਂਦੇ ਹਨ। ਮੌਕ ਡਰਿੱਲ ਦੌਰਾਨ ਐੱਨ.ਡੀ.ਆਰ.ਐੱਫ ਦੀ ਟੀਮ ਵੱਲੋਂ ਸਿਵਲ ਪ੍ਰਾਸ਼ਸਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅਮੋਨੀਆ ਗੈਸ ਲੀਕੇਜ ਵਰਗੇ ਮਾਮਲੇ ਨਾਲ ਨਜਿੱਠਣ ਲਈ ਢੰਗ ਤਰੀਕੇ ਦੱਸੇ ਗਏ ਅਤੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਕਿਵੇਂ ਆਪਣਾ ਬਚਾਅ ਕਰਦੇ ਹੋਏ ਉਹ ਇਸ ਘਟਨਾ ਵਿੱਚ ਫਸੇ ਵਿਅਕਤੀਆਂ ਨੂੰ ਬਾਹਰ ਕੱਢ ਸਕਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਇਸ ਮੌਕ ਡਰਿੱਲ ਨੂੰ ਫਾਇਦੇਮੰਦ ਦੱਸਦੇ ਹੋਏ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ।