ਅੰਮ੍ਰਿਤਸਰ, 7 ਫਰਵਰੀ : ਪੰਜਾਬ ’ਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਜਾਰੀ ਹੈ। ਬੇਸ਼ੱਕ ਪ੍ਰਸ਼ਾਸਨ ਵੱਲੋਂ ਇਸਦੀ ਵਿਕਰੀ ਅਤੇ ਖਰੀਦ ਨੂੰ ਰੋਕਣ ਲਈ ਕਈ ਦਾਅਵੇ ਕੀਤੇ ਗਏ। ਇਸਦੇ ਬਾਵਜੁਦ ਵੀ ਚਾਈਨਾ ਡੋਰ ਦੇ ਕਾਰਨ ਕਈ ਲੋਕ ਜ਼ਖਮੀ ਹੋ ਗਏ ਹਨ। ਹੁਣ ਇਸ ਚਾਈਨਾ ਡੋਰ ਦੀ ਚਪੇਟ ’ਚ ਕੌਮੀ ਪੱਧਰ ਦੀ ਖਿਡਾਰਨ ਲਵਪ੍ਰੀਤ ਕੌਰ ਆ ਗਈ। ਦੱਸ ਦਈਏ ਕਿ ਜ਼ਿਲ੍ਹੇ ਦੇ ਵੇਰਕਾ ਦੀ ਰਹਿਣ ਵਾਲੀ 20 ਸਾਲਾ ਲਵਪ੍ਰੀਤ ਕੌਰ ਸਾਫਟ ਬਾਲ ਚ ਸਟੇਟ ਤੇ ਨੈਸ਼ਨਲ ਲੈਵਲ ਤੇ ਅਨੇਕਾਂ ਮੈਡਲ ਜਿੱਤ ਕੇ ਮਾਪਿਆਂ ਦਾ ਨਾਂ ਰੋਸ਼ਨ ਕਰ ਚੁੱਕੀ ਹੈ, ਪਰ ਹੁਣ ਉਸ ਦੀ ਖੇਡ ਹੀ ਨਹੀਂ ਸਗੋਂ ਜਿੰਦਗੀ ਨੂੰ ਬ੍ਰੇਕਾਂ ਲੱਗ ਚੁੱਕੀਆਂ ਹਨ। ਦਰਅਸਲ ਬੀਤੀ ਲੁਧਿਆਣਾ ਤੋਂ ਕੋਚਿੰਗ ਕੈਂਪ ’ਚ ਹਿੱਸਾ ਲੈਣ ਤੋਂ ਬਾਅਦ 2 ਫਰਵਰੀ ਨੂੰ ਲਵਪ੍ਰੀਤ ਨੇ ਨੈਸ਼ਨਲ ਟੂਰਨਾਮੈਂਟ ’ਚ ਹਿੱਸਾ ਲੈਣ ਲਈ ਜਾਣਾ ਸੀ ਘਰ ’ਚ ਖੁਸ਼ੀ ਦਾ ਮਾਹੌਲ ਸੀ ਤਿਆਰੀਆਂ ਚੱਲ ਰਹੀਆਂ ਸੀ, ਪਰ ਜਦੋ ਇਕ ਫਰਵਰੀ ਨੂੰ ਲਵਪ੍ਰੀਤ ਲੁਧਿਆਣਾ ਤੋਂ ਅੰਮ੍ਰਿਤਸਰ ਦੇ ਬਸ ਸਟੈਂਡ ’ਤੇ ਪਹੁੰਚੀ ਤਾਂ ਉਸ ਦਾ ਭਰਾ ਮਨਿੰਦਰ ਨੂੰ ਉਸ ਨੂੰ ਐਕਟਿਵਾ ’ਤੇ ਲੈਣ ਲਈ ਗਿਆ। ਜਦੋ ਦੋਵੇਂ ਭੈਣ ਭਰਾ ਘਰ ਨੂੰ ਵਾਪਸ ਆ ਰਹੇ ਸੀ ਤਾਂ ਲਵਪ੍ਰੀਤ ਦੇ ਮੂੰਹ ਤੇ ਚਾਈਨਾ ਡੋਰ ਫਿਰੀ ਅਤੇ ਉਸ਼ਦੀ ਉਡਾਣ ਨੂੰ ਉੱਥੇ ਹੀ ਬ੍ਰੇਕਾਂ ਲੱਗ ਗਈਆਂ। ਇਸ ਹਾਦਸੇ ਤੋਂ ਬਾਅਦ ਲਵਪ੍ਰੀਤ ਦੀ ਜ਼ੁਬਾਨ ਸਰਜਰੀ ਤੇ ਚਿਹਰੇ ਦੀ ਕਾਸਮੇਟਿਕਸ ਸਰਜਰੀ ਹੋਈ। ਜਿਸ ਤੋਂ ਬਾਅਦ ਹੁਣ ਉਹ ਇੰਤਜਾਰ ਕਰ ਰਹੀ ਹੈ ਕਿ ਕਦੋਂ ਉਸ ਦੀ ਬੋਲਣ ਦੀ ਸ਼ਕਤੀ ਪਰਤੇਗੀ ਅਤੇ ਕਦੋਂ ਮੁੜ ਤੋਂ ਉਹ ਖੇਡ ਦੇ ਮੈਦਾਨ ’ਚ ਜਾ ਕੇ ਆਪਣੇ ਸੁਫ਼ਨੇ ਪੂਰੇ ਕਰੇਗੀ। ਦੂਜੇ ਪਾਸੇ ਆਪਣੀ ਧੀ ਦੀ ਹਾਲਤ ਤੋਂ ਦੁਖੀ ਪਰਿਵਾਰ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਪਰਿਵਾਰ ਆਪਣੇ ਨਾਲ ਬੀਤੇ ਇਸ ਦੁਖਾਂਤ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ ਅਤੇ ਮੰਗ ਕਰ ਰਹੇ ਹਨ ਕਿ ਸਰਕਾਰ ਵੱਲੋਂ ਇਸਦੇ ਇਲਾਜ ਦਾ ਖਰਚਾ ਚੁੱਕਿਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਲਵਪ੍ਰੀਤ 7-8 ਸਾਲ ਤੋਂ ਖੇਡ ਦੇ ਮੈਦਾਨ ’ਚ ਸੂਬੇ ਦਾ ਨਾਂ ਰੋਸ਼ਨ ਕਰ ਰਹੀ ਹੈ। ਪਰਿਵਾਰ ਨੇ ਸਰਕਾਰ ਨੂੰ ਮੰਗ ਕਰਦੇ ਹੋਏ ਕਿਹਾ ਕਿ ਚਾਈਨਾ ਡੋਰ ਨੂੰ ਮੁਕੰਮਲ ਤੌਰ ਤੇ ਬੰਦ ਕੀਤਾ ਜਾਵੇ ਤਾਂ ਜੋ ਜੋ ਹਾਦਸਾ ਉਨ੍ਹਾਂ ਦੇ ਘਰ ਵਾਪਰਿਆ ਉਹ ਕਿਸੇ ਹੋਰ ਦੇ ਨਾਲ ਨਾ ਵਾਪਰੇ।