
- ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਪੰਜਾਬ ਪੁਲਿਸ ਨੇ ਹੁਣ ਤੱਕ 8 ਹਜਾਰ ਨਸ਼ਾ ਤਸਕਰ ਗ੍ਰਿਫਤਾਰ ਕੀਤੇ : ਕੈਬਨਿਟ ਮੰਤਰੀ ਮੁੰਡੀਆਂ
- ਸ੍ਰੀ ਵਾਲਮੀਕ ਤੀਰਥ ਤੋਂ ਕੀਤਾ ਨਸ਼ਾ ਮੁਕਤੀ ਮੁਹਿੰਮ ਦਾ ਆਗਾਜ਼
ਅੰਮ੍ਰਿਤਸਰ 4 ਮਈ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪਿੰਡ ਪੱਧਰ ਦੀਆਂ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨਾਲ ਮੁਖਾਤਿਬ ਹੁੰਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਕੀਤੀ ਗਈ ਕਾਰਵਾਈ ਦੀ ਸਰਾਹਨਾ ਕਰਦਿਆਂ ਦੱਸਿਆ ਕਿ ਪੰਜਾਬ ਪੁਲਿਸ ਨੇ 1 ਮਾਰਚ 2025 ਤੋਂ ਲੈ ਕੇ ਹੁਣ ਤੱਕ 8 ਦੇ ਕਰੀਬ ਕਰੀਬ ਐਫਆਈਆਰ ਦਰਜ ਕੀਤੀਆਂ ਹਨ। ਉਹਨਾਂ ਕਿਹਾ ਕਿ ਇਹ ਤੁਹਾਡੇ ਲੋਕਾਂ ਦਾ ਸਾਥ ਹੀ ਹੈ ਕਿ ਪੁਲਿਸ ਨੂੰ ਨਸ਼ੇ ਦੀ ਬਰਾਮਦਗੀ ਵਿੱਚ ਇੰਨੀ ਸਫਲਤਾ ਮਿਲੀ ਹੈ। ਉਹਨਾਂ ਕਿਹਾ ਕਿ ਪੁਲਿਸ ਨੇ ਨਸ਼ੇ ਦੀ ਸਪਲਾਈ ਦਾ ਲੱਕ ਭੰਨਿਆ ਹੈ ਅਤੇ ਹੁਣ ਲੋੜ ਹੈ ਕਿ ਨਸ਼ੇ ਦੀ ਮੰਗ ਨੂੰ ਘੱਟ ਕੀਤਾ ਜਾਵੇ, ਇਸ ਲਈ ਉਹ ਵਿਅਕਤੀ ਜੋ ਨਸ਼ਾ ਕਰਦੇ ਹਨ ਦਾ ਇਲਾਜ ਕਰਵਾਉਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਰੇਕ ਜਿਲੇ ਵਿੱਚ ਨਸ਼ਾ ਛਡਾਊ ਸੈਂਟਰ ਖੋਲੇ ਹਨ ਅਤੇ ਅੰਮ੍ਰਿਤਸਰ ਵਿੱਚ 700 ਬੈਡ ਦੀ ਸਮਰੱਥਾ ਵਾਲਾ ਵੱਡਾ ਨਸ਼ਾ ਛੁਡਾਊ ਕੇਂਦਰ ਹੈ, ਸੋ ਤੁਸੀਂ ਸਾਰੇ ਆਪਣੇ ਆਂਡ ਗਵਾਂਡ ਜਾਂ ਗਲੀ ਮੁਹੱਲੇ ਵਿੱਚੋਂ ਜੋ ਵੀ ਵਿਅਕਤੀ ਨਸ਼ਾ ਕਰਦਾ ਹੈ ਉਸ ਨੂੰ ਇਸ ਰੋਗ ਦਾ ਰੋਗੀ ਸਮਝਦੇ ਹੋਏ ਇਲਾਜ ਕਰਵਾਉਣ ਲਈ ਲੈ ਕੇ ਆਓ। ਅਸੀਂ ਉਸ ਦਾ ਮੁਫਤ ਇਲਾਜ ਕਰਕੇ ਉਸ ਨੂੰ ਪੈਰਾਂ ਸਿਰ ਖੜੇ ਕਰਾਂਗੇ। ਉਹਨਾਂ ਦੱਸਿਆ ਕਿ ਪੁਲਿਸ ਨੇ ਇਸ ਮੁਹਿੰਮ ਦੌਰਾਨ ਵੱਡੀ ਮਾਤਰਾ ਵਿੱਚ ਨਸ਼ੇ ਬਰਾਮਦ ਕੀਤੇ ਹਨ, ਜਿਸ ਵਿੱਚ ਸਾਢੇ ਤਿੰਨ ਕਿਲੋਗ੍ਰਾਮ ਦੇ ਕਰੀਬ ਹੈਰੋਇਨ, 10 ਹਜਾਰ ਕਿਲੋ ਦੇ ਕਰੀਬ ਪੋਸਟ, 160 ਕਿਲੋ ਅਫੀਮ, ਗਾਂਜਾ, ਚਰਸ, ਨਸ਼ੇ ਦੀਆਂ ਦਵਾਈਆਂ ਅਤੇ ਹੋਰ ਸਮਾਨ ਸ਼ਾਮਿਲ ਹੈ। ਮੁੰਡੀਆਂ ਨੇ ਕਿਹਾ ਕਿ ਨਸ਼ਾ ਤੁਹਾਡੇ ਸਾਥ ਤੋਂ ਬਿਨਾਂ ਖਤਮ ਨਹੀਂ ਹੋ ਸਕਦਾ ਸੋ ਤੁਸੀਂ ਸਾਰੇ ਪ੍ਰਸ਼ਾਸਨ ਪੁਲਿਸ ਸਰਕਾਰ ਦਾ ਇਸ ਮੁਹਿੰਮ ਵਿੱਚ ਸਾਥ ਦਿਓ ਤਾਂ ਜੋ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕੀਏ। ਇਸ ਮੌਕੇ ਸੰਬੋਧਨ ਕਰਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਸਰਹੱਦੀ ਇਲਾਕੇ ਦੇ ਲੋਕਾਂ ਦੀ ਪਿੱਠ ਥਾਪੜ ਦੀਆਂ ਕਿਹਾ ਕਿ ਹੁਣ ਤੁਹਾਡਾ ਖੌਫ ਨਸ਼ਾ ਤਸਕਰਾਂ ਨੂੰ ਸਤਾਉਣ ਲੱਗਾ ਹੈ ਤੁਸੀਂ ਜਿਸ ਤਰ੍ਹਾਂ ਪੁਲਿਸ ਨਾਲ ਮਿਲ ਕੇ ਨਸ਼ਾ ਤਸਕਰਾਂ ਵਿਰੁੱਧ ਜਹਾਜ ਖੜਾ ਕੀਤਾ ਹੈ ਉਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਹੁਣ ਨਸ਼ਾ ਤਸਕਰੀ ਦੀ ਖੇਡ ਬਹੁਤੇ ਦਿਨ ਨਹੀਂ ਚੱਲੇਗੀ। ਉਹਨਾਂ ਕਿਹਾ ਕਿ ਪ੍ਰਸ਼ਾਸਨ ਨੇ ਨਸਾ ਤਸਕਰਾਂ ਵੱਲੋਂ ਦੋ ਨੰਬਰ ਦੇ ਪੈਸੇ ਨਾਲ ਬਣਾਈਆਂ ਜਾਇਦਾਦਾਂ ਮਲੀਆ ਮੇਟ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ 31 ਮਈ ਤੱਕ ਦਾ ਸਮਾਂ ਮਿਥਿਆ ਹੈ ਅਤੇ ਜੇਕਰ ਤੁਹਾਡਾ ਸਾਥ ਇਸੇ ਤਰ੍ਹਾਂ ਮਿਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਪੰਜਾਬ ਨਸ਼ੇ ਦੇ ਇਸ ਕੋਹੜ ਨੂੰ ਗਲੋਂ ਲਾ ਦੇਵੇਗਾ। ਇਸ ਮੌਕੇ ਸੰਬੋਧਨ ਕਰਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਿਆ ਤਸਕਰਾਂ ਵਿਰੁੱਧ ਹੁਣ ਤੱਕ ਕੀਤੀ ਗਈ ਕਾਰਵਾਈ ਲੋਕਾਂ ਨਾਲ ਸਾਂਝੀ ਕਰਦਿਆ ਕਿਹਾ ਕਿ ਤੁਸੀਂ ਜੋ ਵੀ ਸੂਚਨਾ ਦਿਓਗੇ ਉਹ ਗੁਪਤ ਰੱਖਦੇ ਹੋਏ ਅਸੀਂ ਅਜਿਹੀ ਕਾਰਵਾਈ ਕਰਾਂਗੇ ਕਿ ਨਸਾ ਤਸਕਰ ਅੱਗੇ ਤੋਂ ਇਸ ਕੰਮ ਨੂੰ ਤੋਬਾ ਕਰ ਜਾਵੇਗਾ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਵਿਲੇਜ ਲੈਵਲ ਡਿਫੈਂਸ ਕਮੇਟੀ ਮੈਂਬਰਾਂ ਕੌਂਸਲਰਾਂ ਪੰਚਾਇਤਾਂ ਦਾ ਸਾਥ ਮੰਗਦੇ ਹੋਏ ਲੋਕਾਂ ਨੂੰ ਨਸ਼ੇ ਦੇ ਰੋਗੀਆਂ ਦਾ ਇਲਾਜ ਕਰਵਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲਾ ਪੁਲਿਸ ਮੁਖੀ ਮਨਿੰਦਰ ਸਿੰਘ ਨੇ ਕਿਹਾ ਕਿ ਸਰਹੱਦੀ ਪੱਟੀ ਵਿੱਚੋਂ ਹੁੰਦੀ ਨਸ਼ੇ ਦੀ ਤਸਕਰੀ ਦਾ ਲੱਕ ਅਸੀਂ ਤੁਹਾਡੇ ਸਾਥ ਨਾਲ ਤੋੜ ਦਿੱਤਾ ਹੈ ਅਤੇ ਹੁਣ ਸਾਡੀ ਲੋੜ ਹੈ ਕਿ ਅਸੀਂ ਨਸ਼ੇ ਦੇ ਰੋਗੀਆਂ ਦਾ ਇਲਾਜ ਕਰਵਾਈਏ। ਇਸ ਤੋਂ ਇਲਾਵਾ ਜੇਕਰ ਕੋਈ ਅਜੇ ਵੀ ਨਸ਼ਾ ਦੀ ਤਸਕਰੀ ਕਰਦਾ ਹੈ ਤਾਂ ਉਸ ਦੀ ਸੂਚਨਾ ਸਾਨੂੰ ਦਿਓ ਅਸੀਂ ਉਸ ਨੂੰ ਅੰਜਾਮ ਤੱਕ ਪਹੁੰਚਾਵਾਂਗੇ। ਇਸ ਮੌਕੇ ਕੈਬਨਿਟ ਮੰਤਰੀ ਮੁੰਡੀਆ, ਸ: ਹਰਭਜਨ ਸਿੰਘ ਈ.ਟੀ.ਓ. ਨੇ ਸਮਾਗਮ ਵਿੱਚ ਆਏ ਹੋਏ ਲੋਕਾਂ ਨੂੰ ਸਹੁੰ ਵੀ ਚੁਕਾਈ ਅਤੇ ਲੋਕਾਂ ਨੂੰ ਨਸ਼ੇ ਦੇ ਮਾਰੂ ਪ੍ਰਭਾਵਾਂ ਤੋਂ ਜਾਗਰੂਕ ਕਰਵਾਉਣ ਲਈ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਵਲੋਂ ਇੱਕ ਨੁੱਕੜ ਨਾਟਕ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਮੌਕੇ ਜਿਲ੍ਹਾ ਪ੍ਰਸ਼ਾਸਨ ਵਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿਜਰ, ਸ਼੍ਰੀਮਤੀ ਜੀਵਨਜੋਤ ਕੌਰ, ਡਾਕਟਰ ਅਜੇ ਗੁਪਤਾ, ਡਾਕਟਰ ਜਸਬੀਰ ਸਿੰਘ ਸੰਧੂ , ਸ: ਦਲਬੀਰ ਸਿੰਘ ਟੌਂਗ, ਨਸ਼ਾ ਮੁਕਤੀ ਮੋਰਚਾ ਦੇ ਮਾਝਾ ਕੋਆਰਡੀਨੇਟਰ ਸ੍ਰੀਮਤੀ ਸੋਨੀਆ ਮਾਨ, ਸ੍ਰੀ ਦੀਕਸ਼ਿਤ ਧਵਨ, ਕੁਲਦੀਪ ਸਿੰਘ ਮੱਤੇਵਾਲ, ਡੀਆਈਜੀ ਸ਼੍ਰੀ ਸਤਿੰਦਰ ਸਿੰਘ, ਚੇਅਰਮੈਨ ਬਲਦੇਵ ਸਿੰਘ ਮਿਆਦੀਆਂ , ਚੇਅਰਮੈਨ ਕਰਮਜੀਤ ਸਿੰਘ ਰਿੰਟੂ , ਚੇਅਰਮੈਨ ਸ: ਜਸਪ੍ਰੀਤ ਸਿੰਘ, ਜੁਗਿੰਦਰ ਪਾਲ ਸਿੰਘ ਜੱਗਾ ਮਜੀਠਾ, ਸਰਦਾਰ ਇਕਬਾਲ ਸਿੰਘ , ਸ੍ਰੀ ਨਰੇਸ਼ ਪਾਠਕ ਅਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ।