
- ਇੰਪਰੂਵਮੈਂਟ ਟਰੱਸਟ ਬਟਾਲਾ ਦੀ ਕਾਲੋਨੀ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਇਆ
- ਬਟਾਲਾ ਸ਼ਹਿਰ ਦੇ ਵਿਕਾਸ ਵਿੱਚ ਇੱਕ ਹੋਰ ਚੈਪਟਰ ਜੁੜਿਆ, ਸ਼ਹਿਰ ਨੂੰ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ-ਵਿਧਾਇਕ ਸ਼ੈਰੀ ਕਲਸੀ
ਬਟਾਲਾ, 6 ਫਰਵਰੀ 2025 : ਬਟਾਲਾ ਸ਼ਹਿਰ ਦੇ ਵਿਕਾਸ ਵਿੱਚ ਇੱਕ ਹੋਰ ਚੈਪਟਰ ਜੋੜਦਿਆਂ ਬਟਾਲਾ ਦੇ ਨੌਜਵਾਨ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਬਟਾਲਾ ਦੇ ਸ਼ਹਿਰ ਵਾਸੀਆਂ ਨੂੰ ਨਾਯਾਬ ਤੋਹਫਾ ਦਿੱਤਾ ਗਿਆ ਹੈ। ਵਿਧਾਇਕ ਸ਼ੈਰੀ ਕਲਸੀ ਵਲੋਂ ਸ਼ਹਿਰ ਵਾਸੀਆਂ ਦੇ 24 ਸਾਲ ਦੇ ਇੰਤਜ਼ਾਰ ਨੂੰ ਖਤਮ ਕਰਦਿਆਂ ਅੱਜ ਇੰਪਰੂਵਮੈਂਟ ਟਰੱਸਟ ਬਟਾਲਾ ਦੀ ਕਾਲੋਨੀ (ਮਹੰਤ ਸਾਧੂ ਰਾਮ ਕਾਲੋਨੀ), ਨੇੜੇ ਹੰਸਲੀ ਪੁਲ ਜਲੰਧਰ ਰੋਡ, ਦਾ ਵਿਕਾਸ ਕਾਰਜ ਸ਼ੁਰੂ ਕਰਵਾਇਆ ਗਿਆ ਹੈ। ਵਿਕਾਸ ਕਾਰਜ ਸ਼ੁਰੂ ਕਰਵਾਉਣ ਮੌਕੇ ਸ੍ਰੀ ਨਰੇਸ਼ ਗੋਇਲ, ਚੇਅਰਮੈਨ ਇੰਪਰੂਵਮੈਂਟ ਟਰੱਸਟ ਬਟਾਲਾ, ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ, ਡਾਇਰੈਕਟਰ ਮਨਜੀਤ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਰਾਜੂ, ਐਕਸੀਅਨ ਬਿਕਰਮ ਸਿੰਘ ਸਮੇਤ ਸ਼ਹਿਰ ਦੀਆਂ ਵੱਖ-ਵੱਖ ਸਖਸ਼ੀਅਤਾਂ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਕਰੀਬ 24 ਸਾਲ ਬਾਅਦ ਇਪੰਰਵਮੈਂਟ ਟਰੱਸਟ ਬਾਟਲਾ ਦੀ ਮਲਕੀਅਤ ਵਾਲੀ ਕਾਲੋਨੀ ਦਾ ਵਿਕਾਸ ਕਾਰਜ ਸ਼ੁਰੂ ਕਰਵਾਇਆ ਗਿਆ ਹੈ। ਉਨਾਂ ਦੱਸਿਆ15 ਏਕੜ ਦੀ ਕਾਲੋਨੀ ਵਿੱਚ ਕਰੀਬ 15-20 ਕਰੋੜ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜ ਕਰਵਾਏ ਜਾਣਗੇ। ਇਸ ਵਿੱਚ ਸ਼ਾਪ ਕੰਪਲੈਕਸ, ਰੈਜੀਡੈਂਸਲ ਅਤੇ ਪਾਰਕਿੰਗ ਆਦਿ ਦੇ ਕੰਮ ਕਰਵਾਏ ਜਾਣਗੇ। ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਉਨਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਬਟਾਲਾ ਸ਼ਹਿਰ ਵਾਸੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਅੱਜ 24 ਸਾਲ ਬਾਅਦ ਇਥੇ ਵਿਕਾਸ ਕੰਮ ਸ਼ੁਰੂ ਕਰਵਾਏ ਗਏ ਹਨ। ਉਨਾਂ ਦੱਸਿਆ ਕਿ ਇਸ ਕਾਲੋਨੀ ਦੇ ਨੇੜੇ ਹੰਸਲੀ ਪੁਲ ’ਤੇ ਇੱਕ ਨਵਾਂ ਪੁਲ ਉਸਾਰਿਆ ਜਾਵੇਗਾ, ਜਿਸ ਨਾਲ ਨੇੜਲੇ ਇਲਾਕਾ ਵਾਸੀਆਂ ਨੂੰ ਆਵਾਜਾਈ ਦੌਰਾਨ ਵੱਡੀ ਰਾਹਤ ਮਿਲੇਗੀ। ਉਨਾਂ ਅੱਗੇ ਕਿਹਾ ਕਿ ਉਨਾਂ ਦੀ 24 ਘੰਟੇ ਹਮੇਸ਼ਾ ਇਹੀ ਕੋਸ਼ਿਸ ਰਹਿੰਦੀ ਹੈ ਕਿ ਬਟਾਲਾ ਵਾਸੀਆਂ ਲਈ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਉਨਾਂ ਦੱਸਿਆ ਕਿ ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਅੰਦਰ ਵੱਖ-ਵੱਖ ਵਿਕਾਸ ਕਾਰਜ ਕਰਵਾਏ ਗਏ ਹਨ। ਸ਼ਹਿਰ ਵਿਚਲੀਆਂ ਸੜਕਾਂ ਨੂੰ ਚੌੜਿਆਂ ਕੀਤਾ ਗਿਆ। ਸ਼ਹਿਰ ਅੰਦਰ ਖੂਬਸੂਰਤ ਪਾਰਕ ਉਸਾਰੇ ਗਏ ਹਨ। ਸ਼ਹਿਰ ਵਿਚਲੇ ਚੌਕਾਂ ਨੂੰ ਚੌੜਿਆਂ ਕੀਤਾ ਗਿਆ ਹੈ, ਜਿਸ ਨਾਲ ਟਰੈਫਿਕ ਦੀ ਸਮੱਸਿਆ ਵਿੱਚ ਰਾਹਤ ਮਿਲੀ ਹੈ। ਲੋਕਾਂ ਦੀ ਸਹੂਲਤ ਲਈ ਨਵਾਂ ਤਹਿਸੀਲ ਕੰਪਲੈਕਸ ਉਸਾਰਿਆ ਜਾ ਰਿਹਾ ਹੈ, ਜਿਸ ਦਾ ਬਹੁਤ ਜਲਦ ਉਦਘਾਟਨ ਕੀਤਾ ਜਾਵੇਗਾ। ਸੁੱਖਾ ਸਿੰਘ-ਮਹਿਤਾਬ ਸਿੰਘ ਚੌਂਕ ਨੇੜੇ ਸ਼ਾਨਦਾਰ ਟਾਵਰ ਕਲਾਕ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਸ਼ਹਿਰ ਵਿਚਲੀਆਂ ਸੜਕਾਂ ਦੇ ਕਿਨਾਰਿਆਂ ਤੋਂ ਬਿਜਲੀ ਦੇ ਖੰਬਿਆਂ ਤੇ ਟਰਾਂਸਫਰਾ ਨੂੰ ਹਟਵਾ ਕੀਤਾ ਗਿਆ ਹੈ, ਜਿਸ ਨਾਲ ਟਰੈਫਿਕ ਵਿੱਚ ਕਾਫੀ ਸੁਧਾਰ ਹੋਇਆ ਹੈ। ਲੋਕਾਂ ਨੂੰ ਹੋਰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸਿਹਤ ਕੇਂਦਰ ਬਣਾਏ ਜਾ ਰਹੇ ਹਨ, ਜਿਥੇ ਰੋਜਾਨਾ ਮਰੀਜ਼ ਆਪਣਾ ਇਲਾਜ ਕਰਵਾ ਰਹੇ ਹਨ। ਵਿਧਾਇਕ ਸ਼ੈਰੀ ਕਲਸੀ ਨੇ ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਬਟਾਲਾ ਸ਼ਹਿਰ ਨੂੰ ਰਵਾਇਤੀ ਪਾਰਟੀਆਂ ਵਲੋਂ ਵਿਕਾਸ ਪੱਖੋ ਅਣਗੋਲਿਆਂ ਕਰਕੇ ਰੱਖਿਆ ਗਿਆ ਸੀ। ਪਰ ਜਦੋ ਦਾ ਲੋਕਾਂ ਨੇ ਉਨਾਂ ਨੂੰ ਸੇਵਾ ਕਰਨ ਦਾ ਮੌਕੇ ਦਿੱਤਾ ਹੈ, ਉਹ ਦਿਨ ਰਾਤ ਬਟਾਲਾ ਸ਼ਹਿਰ ਦੇ ਵਿਕਾਸ ਲਈ ਯਤਨਸ਼ੀਲ ਹਨ ਅਤੇ ਸ਼ਹਿਰ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜ ਨਜ਼ਰ ਆ ਰਹੇ ਹਨ। ਉੁਨਾਂ ਦੁਹਰਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੀ ਵਿਕਾਸ ਪੱਖੋਂ ਨੁਹਾਰ ਬਦਲੀ ਜਾਵੇਗੀ ਅਤੇ ਹਰੇਕ ਵਾਰਡ ਵਿੱਚ ਚਹੁਪੱਖੀ ਵਿਕਾਸ ਕਾਰਜ ਕਰਵਾਏ ਜਾਣਗੇ। ਇਸ ਮੌਕੇ ਸ੍ਰੀ ਨਰੇਸ਼ ਗੋਇਲ, ਚੇਅਰਮੈਨ ਇੰਪਰੂਵਮੈਂਟ ਟਰੱਸਟ ਬਟਾਲਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਇੰਪਰੂਵਮੈਂਟ ਟਰੱਸਟ ਬਟਾਲਾ ਵਚਨਬੱਧ ਹੈ ਅਤੇ ਇਸ ਕਾਲੋਨੀ ਵਿੱਚ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨਾਂ ਅੱਗੇ ਦੱਸਿਆ ਕਿ ਰੈਂਡੀਡੈਂਸਲ ਅਤੇ ਕਮਰਸ਼ੀਅਲ ਪਲਾਟ ਸਰਕਾਰ ਦੀਆਂ ਹਦਾਇਤਾਂ ਤਹਿਤ ਈ-ਆਕਸ਼ਨ ਰਾਹੀਂ ਦਿੱਤੇ ਜਾਣਗੇ। ਉਨਾਂ ਕਿਹਾ ਕਿ ਕਾਲੋਨੀ ਵਿਚ ਗਰੀਨ ਬੈਲਟ ਆਦਿ ਸਰਕਾਰ ਦੀਆਂ ਹਦਾਇਤਾਂ ਤਹਿਤ ਉਸਾਰੀ ਕਰਵਾਈ ਜਾਵੇਗੀ। ਇਸ ਮੌਕੇ ਨੇੜਲੇ ਕਾਲੋਨੀ ਦੇ ਵਾਸੀਆਂ ਨੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਦੋ ਦਹਾਕਿਆਂ ਤੋਂ ਉਨਾਂ ਦੀ ਕਿਸੇ ਨੇ ਸਾਰ ਨਹੀਂ ਲਈ ਅਤੇ ਅੱਜ ਉਨਾਂ ਵਲੋਂ ਇਸ ਕਾਲੋਨੀ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਹਨ, ਜਿਸ ਨਾਲ ਉੁਨਾਂ ਨੂੰ ਆਵਾਜਾਈ ਸਮੇਤ ਹੋਰ ਵੱਖ-ਵੱਖ ਸਹੂਲਤਾਂ ਮਿਲਣਗੀਆਂ। ਉਨਾਂ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਵਲੋਂ ਲਗਾਤਾਰ ਬਟਾਲਾ ਸ਼ਹਿਰ ਅੰਦਰ ਵਿਕਾਸ ਕਾਰਜ ਕਰਵਾਉਣ ਸਮੇਤ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ, ਜੋ ਵਧਾਈ ਦੇ ਪਾਤਰ ਹਨ। ਇਸ ਮੌਕੇ ਮਨਜੀਤ ਸਿੰਘ ਬੁਮਰਾਹ, ਮਾਸਟਰ ਤਿਲਕ ਰਾਜ, ਬਿਕਰਮਜੀਤ ਸਿੰਘ ਬਿੱਕਾ, ਭੁਪਿੰਦਰ ਸਿੰਘ, ਵਿਨੇ ਤਰੇਹਨ, ਬੰਟੀ ਟਰੇਂਡਜ਼, ਵਿਜੇ ਸੋਨੀ, ਰਜਿੰਦਰ ਜੰਬਾ, ਅਵਤਾਰ ਸਿੰਘ ਕਲਸੀ, ਜਸਬੀਰ ਸਿੰਘ ਗਿੱਲ, ਗੁਰਜੀਤ ਸਿੰਘ, ਗਗਨ ਬਟਾਲਾ, ਮਲਕੀਤ ਸਿੰਘ, ਪਵਨ ਕੁਮਾਰ, ਦਵਿੰਦਰ ਸਿੰਘ ਅਤੇ ਕੁਲਦੀਪ ਧਾਰੀਵਾਲ ਆਦਿ ਪਾਰਟੀ ਦੇ ਵਰਕਰ ਤੇ ਆਗੂ ਮੌਜੂਦ ਸਨ।