ਜਤਿੰਦਰ ਭਾਟੀਆ ਨੇ ਅੰਮ੍ਰਿਤਸਰ ਦੇ ਮੇਅਰ ਵਜੋਂ ਸੰਭਾਲਿਆ ਅਹੁਦਾ 

  • ਅੰਮ੍ਰਿਤਸਰ ਲਈ ਬਹੁਤ ਹੀ ਇਤਿਹਾਸਕ ਦਿਨ ਹੈ, ਸਾਡੇ ਲਈ ਵੀ ਮਾਣ ਵਾਲੀ ਗੱਲ - ਧਾਲੀਵਾਲ 
  • ਅੰਮ੍ਰਿਤਸਰ ਨਗਰ ਨਿਗਮ ਦੇ ਸਾਰੇ 85 ਵਾਰਡਾਂ ਲਈ ਬਿਨਾਂ ਕਿਸੇ ਭੇਦਭਾਵ ਅਤੇ ਪੱਖਪਾਤ ਤੋਂ ਕਰਾਂਗੇ ਕੰਮ -ਮੇਅਰ ਜਤਿੰਦਰ ਭਾਟੀਆ 

ਅੰਮ੍ਰਿਤਸਰ, 28 ਜਨਵਰੀ 2025 : ਅੰਮ੍ਰਿਤਸਰ ਦੇ ਨਵੇਂ ਚੁਣੇ ਗਏ ਮੇਅਰ ਜਤਿੰਦਰ ਸਿੰਘ ਮੋਤੀਆ ਭਾਟੀਆ ਨੇ ਮੰਗਲਵਾਰ ਨੂੰ ਮੰਤਰੀ ਕੁਲਦੀਪ ਧਾਲੀਵਾਲ ਦੀ ਹਾਜ਼ਰੀ ਵਿੱਚ ਨਗਰ ਨਿਗਮ ਦੇ ਮੇਅਰ ਵਜੋਂ ਅਹੁਦਾ ਸੰਭਾਲਿਆ। ਇਸ ਮੌਕੇ ਪਾਰਟੀ ਦੇ ਕਈ ਸਥਾਨਕ ਆਗੂ ਅਤੇ ਵਿਧਾਇਕ ਵੀ ਮੌਜੂਦ ਸਨ। ਮੰਤਰੀ ਕੁਲਦੀਪ ਧਾਲੀਵਾਲ ਨੇ ਇੱਥੇ ਮੇਅਰ ਜਤਿੰਦਰ ਭਾਟੀਆ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ।  ਧਾਲੀਵਾਲ ਨੇ ਕਿਹਾ ਕਿ ਅੱਜ ਅੰਮ੍ਰਿਤਸਰ ਲਈ ਬਹੁਤ ਹੀ ਇਤਿਹਾਸਕ ਦਿਨ ਹੈ।  ਇਹ ਆਮ ਆਦਮੀ ਪਾਰਟੀ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ ਧਾਲੀਵਾਲ ਨੇ ਕਿਹਾ, "ਮੈਂ ਅੰਮ੍ਰਿਤਸਰ ਵਾਸੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਮੇਅਰ ਅਤੇ ਕੌਂਸਲਰ ਤੁਹਾਡੀਆਂ ਉਮੀਦਾਂ 'ਤੇ ਖਰਾ ਉਤਰਨ ਲਈ ਦਿਨ-ਰਾਤ ਕੰਮ ਕਰਨਗੇ। ਸ਼ਹਿਰ ਦੇ ਜਿੰਨੇ ਵੀ ਮਸਲੇ ਹਨ ਉਨ੍ਹਾਂ ਨੂੰ ਹੱਲ ਕਰਾਂਗੇ ਅਤੇ  ਸ਼ਹਿਰ ਵਾਸੀਆਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦੇਵਾਂਗੇ। ਸ਼ਹਿਰ ਦੇ ਕੰਮ ਅਤੇ ਵਿਕਾਸ ਸਾਡੀ ਪਹਿਲ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਿਛਲੇ ਕਈ ਮਹੀਨਿਆਂ ਤੋਂ ਡਰਾਮਾ ਕਰ ਰਹੀ ਹੈ। ਉਸ ਕੋਲ ਕੋਈ ਮੁੱਦਾ ਨਹੀਂ ਹੈ।  ਜੇਕਰ ਕਾਂਗਰਸ ਦਾ ਮੇਅਰ ਬਣ ਜਾਵੇ ਤਾਂ ਲੋਕਤੰਤਰ ਬਹੁਤ ਚੰਗਾ ਹੈ, ਨਹੀਂ ਤਾਂ ਕਹਿੰਦੇ ਹਨ ਕਿ ਲੋਕਤੰਤਰ ਦਾ ਕਤਲ ਹੋਇਆ ਹੈ। ਅੰਮ੍ਰਿਤਸਰ ਇੱਕ ਪਰਿਵਾਰ ਦੀ ਜਾਗੀਰ ਨਹੀਂ ਹੈ। ਅੰਮ੍ਰਿਤਸਰ ਲੋਕਾਂ ਦਾ ਹੈ ਅਤੇ ਅੰਮ੍ਰਿਤਸਰ ਦੇ ਲੋਕ ਆਪਣੀ ਮਰਜ਼ੀ ਮੁਤਾਬਕ ਮੇਅਰ ਦੀ ਚੋਣ ਕਰ ਸਕਦੇ ਹਨ। ਅਸੀਂ ਪਰਿਵਾਰਵਾਦ ਨਹੀਂ ਚਲਣ ਦੇਵਾਂਗੇ। ਉਨ੍ਹਾਂ ਕਿਹਾ ਕਿ ਪ੍ਰਤਾਪ ਬਾਜਵਾ ਕਹਿੰਦੇ ਹਨ ਕਿ ਲੋਕਤੰਤਰ ਦਾ ਕਤਲ ਹੋਇਆ ਹੈ, ਪਰ ਪਿਛਲੇ 75 ਸਾਲਾਂ 'ਚ ਕਾਂਗਰਸ ਨੇ ਪੰਜਾਬ ਦਾ ਬੁਰਾ ਹਾਲ ਕਰ ਦਿੱਤਾ ਹੈ। ਜਿਸ ਤਰ੍ਹਾਂ ਲੋਕਾਂ ਦਾ ਸ਼ਰੇਆਮ ਕਤਲ ਕੀਤਾ ਗਿਆ, ਝੂਠੇ ਪਰਚੇ ਕੀਤੇ ਗਏ, ਕਾਂਗਰਸ ਦੇ ਰਾਜ ਦੌਰਾਨ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਉਸ ਸਮੇਂ ਉਨ੍ਹਾਂ ਨੂੰ ਲੋਕਤੰਤਰ ਨਹੀਂ ਦਿਖਿਆ?  ਉਹ ਮੇਅਰ ਚੋਣਾਂ ਨੂੰ ਲੈ ਕੇ ਝੂਠੀਆਂ ਅਫਵਾਹਾਂ ਫੈਲਾ ਰਹੇ ਹਨ। ਮੇਅਰ ਜਤਿੰਦਰ ਸਿੰਘ ਭਾਟੀਆ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਲੀਡਰਸ਼ਿਪ ਅਤੇ ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ।  ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਬੜੇ ਭਾਗਾਂ ਵਾਲੀ ਗੱਲ ਹੈ ਕਿ ਮੈਨੂੰ ਗੁਰੂ ਨਗਰੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੇ ਸਾਰੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਅਸੀਂ ਨਗਰ ਨਿਗਮ ਦੇ ਸਾਰੇ 85 ਵਾਰਡਾਂ ਲਈ ਬਿਨਾਂ ਕਿਸੇ ਭੇਦਭਾਵ ਅਤੇ ਪੱਖਪਾਤ ਦੇ ਕੰਮ ਕਰਾਂਗੇ। ਸਾਰੇ ਲੋਕ ਸਾਡੇ ਹਨ ਅਤੇ ਅਸੀਂ ਵੀ ਸਭ ਦੇ ਹਾਂ। ਕੰਮ ਦੇ ਮਾਮਲਿਆਂ ਵਿੱਚ ਕੋਈ ਭੇਦਭਾਵ ਨਹੀਂ ਹੋਵੇਗਾ। ਸਾਰੇ ਵਾਰਡਾਂ ਨੂੰ ਲੋੜੀਂਦੇ ਫੰਡ ਦਿੱਤੇ ਜਾਣਗੇ।