ਤੇਲ ਬੀਜ ਫਸਲਾਂ ਦੀ ਕਾਸ਼ਤ ਸਬੰਧੀ 2 ਦਿਨਾਂ ਟ੍ਰੇਨਿੰਗ ਕੈਪ ਲਗਾਇਆ : ਡਾ. ਨਵਤੇਜ ਸਿੰਘ

ਖਡੂਰ ਸਾਹਿਬ,  24 ਮਾਰਚ 2025 : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ  ਵੱਲੋਂ ਪਿੰਡ ਖਡੂਰ ਸਾਹਿਬ ਵਿਖੇ ਤੇਲ ਬੀਜ ਫਸਲਾਂ ਦੀ ਕਾਸ਼ਤ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਮੁੱਖ ਖੇਤੀਬਾੜੀ ਅਫਸਰ ਡਾ. ਹਰਪਾਲ ਸਿੰਘ ਪੰਨੂ ਦੇ ਦਿਸ਼ਾ-ਨਿਰਦੇਸ਼ਾਂ  ਤਹਿਤ ਬਲਾਕ ਖੇਤੀਬਾੜੀ ਅਫਸਰ ਡਾ. ਨਵਤੇਜ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਕੈਂਪ ਵਿੱਚ ਫਾਰਮ ਸਲਾਹਕਾਰ ਅਤੇ ਸੇਵਾ ਕੇਂਦਰ ਤਰਨ ਤਰਨ ਤੋਂ ਡਾ. ਪਰਵਿੰਦਰ ਸਿੰਘ ਇੰਚਾਰਜ ਫਾਰਮ ਸਲਾਹਕਾਰ ਅਤੇ ਸੇਵਾ ਕੇਂਦਰ, ਡਾ. ਪਰਵਿੰਦਰ ਕੌਰ, ਡਾ. ਸ਼ਵੇਤਾ ਖਹਿਰਾ ਅਤੇ ਫਸਲ ਵਿਗਿਆਨੀ ਡਾ. ਪਰਮਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ । ਡਾ. ਪਰਵਿੰਦਰ ਸਿੰਘ ਨੇ ਕਿਸਾਨਾਂ ਨੂੰ ਮੌਸਮੀ ਸਬਜੀਆਂ ਅਤੇ ਬਿਮਾਰੀਆਂ ਬਾਰੇ ਵਿਸਥਾਰ-ਪੂਰਵਕ ਦੱਸਿਆ । ਉਹਨਾਂ ਨੇ ਕਿਸਾਨਾਂ ਨੂੰ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਸਬੰਧੀ ਨੁਕਤੇ ਸਾਂਝੇ ਕੀਤੇ। ਡਾ. ਪਰਵਿੰਦਰ ਕੌਰ  ਨੇ ਕਿਸਾਨਾਂ ਨੂੰ ਕਣਕ ਦੀ ਫਸਲ ਦੇ ਕੀੜੇ ਅਤੇ ਬਿਮਾਰੀਆਂ ਜਿਵੇਂ ਤੇਲਾ, ਸੈਨਿਕ ਸੁੰਡੀ, ਪੀਲੀ ਸੁੰਡੀ ਆਦਿ ਬਾਰੇ ਲਗਾਤਾਰ ਫਸਲਾਂ ਦਾ ਨਿਰੀਖਣ ਕਰਦੇ ਰਹਿਣ ਦੀ ਸਲਾਹ ਦਿੱਤੀ ਅਤੇ ਫਸਲਾਂ ਦੇ ਮਿੱਤਰ ਕੀੜਿਆਂ ਦੀ ਮਦਦ ਨਾਲ  ਪ੍ਰਬੰਧਨ ਕਰਨ ਬਾਰੇ ਜਾਗਰੂਕ ਕੀਤਾ ਡਾ. ਸਵਿਤਾ ਖਹਿਰਾ ਨੇ ਸਬਜ਼ੀਆਂ ਅਤੇ ਫਲਾਂ ਦੀ ਘਰੇਲੂ ਬਗੀਚੀ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਲੋੜ ਅਨੁਸਾਰ ਘਰੇਲੂ ਬਗੀਚੀ ਵਿੱਚ ਸਬਜ਼ੀਆਂ ਅਤੇ ਫਲ ਜਰੂਰ ਉਗਾਉਣ। ਡਾ. ਪਰਮਿੰਦਰ ਸਿੰਘ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਤੇ ਪੀਲੀ ਸੁੰਡੀ ਅਤੇ ਤੇਲੇ ਦੀ ਰੋਕਥਾਮ ਸਬੰਧੀ ਜਾਣਕਾਰੀ ਸਾਂਝੀ ਕੀਤੀ । ਸਟੇਜ ਸਕੱਤਰ ਦੀ ਭੂਮਿਕਾ ਡਾ. ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਨੇ ਨਿਭਾਈ। ਅਤੇ ਉਹਨਾਂ ਨੇ ਤੇਲ ਬੀਜ ਫਸਲਾਂ ਦੀ ਸੁਚੱਜੀ ਕਾਸ਼ਤ ਅਤੇ ਮਾਰਕੀਟਿੰਗ ਸਬੰਧੀ, ਦਾਲਾਂ ਅਤੇ ਪਕਾਵੀਂ ਮੱਕੀ ਦੀ ਕਾਸ਼ਤ ਹੇਠ ਰਕਬਾ ਵਧਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਦਾਲਾਂ ਅਤੇ ਪਕਾਵੀਂ ਮੱਕੀ ਦੀ ਕਾਸ਼ਤ ਲਈ ਸਰਕਾਰ ਦੁਆਰਾ ਦਿੱਤੀ ਜਾਣ ਵਾਲੀ ਪਰੋਤ ਸਾਹਨ ਰਾਸ਼ੀ ਬਾਰੇ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।  ਡਾਕਟਰ ਗੁਰਪ੍ਰੀਤ ਸਿੰਘ ਸਰਾਂ ਖੇਤੀਬਾੜੀ ਵਿਸਥਾਰ ਅਫਸਰ ਨੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਬਾਰੇ ਵਿਸਥਾਰ ਪੂਰਵਕ ਦੱਸਿਆ। ਡਾ. ਨਵਤੇਜ ਸਿੰਘ ਬਲਾਕ ਖੇਤੀਬਾੜੀ ਅਫਸਰ ਖਡੂਰ ਸਾਹਿਬ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰਿਵਾਇਤੀ ਫਸਲਾਂ ਦੇ ਨਾਲ-ਨਾਲ ਤੇਲ ਬੀਜ ਅਤੇ ਦਾਲਾਂ ਨੂੰ ਵੀ ਤਰਜੀਹ ਦੇਣ ਤਾਂ ਕਿ ਫਸਲੀ ਵਿਭਿੰਨਤਾ ਤਹਿਤ ਦਾਲਾਂ ਤੇਲ ਬੀਜ ਦਵਾਈਆਂ ਵਾਲੀਆਂ ਫਸਲਾਂ ਹੇਠ ਰਕਬਾ ਵਧਾਇਆ ਜਾ ਸਕੇ । ਅਖੀਰ ਵਿੱਚ ਡਾ. ਰੁਪਿੰਦਰਜੀਤ ਸਿੰਘ ਨੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਤਨਾਮ ਸਿੰਘ, ਸਿਮਰਨਜੀਤ ਸਿੰਘ, ਅਵਤਾਰ ਸਿੰਘ ਖੇਤੀਬਾੜੀ ਉਪ ਨਿਰੀਖਕ, ਕਮਲਜੀਤ ਕੌਰ ਸਹਾਇਕ ਟੈਕਨਾਲੋਜੀ ਮੈਨੇਜਰ, ਚਰਨਜੀਤ ਸਿੰਘ ਬਲਵਿੰਦਰ ਸਿੰਘ ਕਰਮ ਸਿੰਘ ਗੁਰ ਪ੍ਰਤਾਪ ਸਿੰਘ ਬੇਲਦਾਰ , ਗੁਰਮੇਜ ਸਿੰਘ, ਹਰਪਾਲ ਸਿੰਘ ,ਰਵੇਲ ਸਿੰਘ, ਭੁਪਿੰਦਰ ਸਿੰਘ, ਬਲਦੇਵ ਸਿੰਘ, ਸਕੱਤਰ ਸਿੰਘ, ਹਰਨੇਕ ਸਿੰਘ ਅਤੇ ਹੋਰ ਅਗਾਂਹ ਵਧੂ ਕਿਸਾਨ ਹਾਜਰ ਸਨ।