- ਧਾਲੀਵਾਲ, ਡਾਕਟਰ ਨਿੱਜਰ, ਅਨਿਲ ਜੋਸ਼ੀ, ਡਾਕਟਰ ਛੀਨਾ ਅਤੇ ਹੋਰਨਾਂ ਵੱਲੋਂ ਸ਼ਰਧਾਂਜਲੀ ਸ਼ਰਧਾਂਜਲੀਆਂ
ਅੰਮ੍ਰਿਤਸਰ 14 ਮਾਰਚ : ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਸਾਬਕਾ ਵਿਦਿਆਰਥੀ ਸਰਦਾਰ ਚਰਨਜੀਤ ਸਿੰਘ ਚੰਨ ਗਿੱਲ (ਯੂ ਐਸ ਏ) ਦੀ ਯਾਦ ਉੱਚ ਪੱਧਰੀ ਭੰਗੜਾ ਅਕੈਡਮੀ ਅੰਮ੍ਰਿਤਸਰ ਵਿਖੇ ਬਣਾਈ ਜਾਵੇਗੀ| ਇਹ ਐਲਾਨ ਸਰਦਾਰ ਕੁਲਦੀਪ ਸਿੰਘ ਧਾਲੀਵਾਲ, ਮਾਨਯੋਗ ਕੈਬਨਿਟ ਮੰਤਰੀ, ਪੰਜਾਬ ਸਰਕਾਰ ਨੇ ਰਾਜਾ ਸਾਂਸੀ ਹਲਕੇ ਦੇ ਪ੍ਰਮੁੱਖ ਆਗੂ ਅਤੇ ਸਮਾਜ ਸੇਵਕ ਮਾਸਟਰ ਅਮਰ ਸਿੰਘ ਗਿੱਲ ਦੇ ਛੋਟੇ ਸਪੁੱਤਰ ਅਤੇ ਡਾਕਟਰ ਕਰਮਜੀਤ ਸਿੰਘ ਗਿੱਲ ਦੇ ਛੋਟੇ ਭਰਾਤਾ ਚਰਨਜੀਤ ਸਿੰਘ ਚੰਨ ਗਿੱਲ ਨਮਿੱਤ ਅੰਤਿਮ ਅਰਦਾਸ ਮੌਕੇ ਰਣਜੀਤ ਐਵੀਨਿਯੂ ਦੇ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਵਿਖੇ ਕੀਤਾ, ਜਿਸ ਵਿਚ ਵੱਡੀ ਗਿਣਤੀ ਵਿੱਚ ਧਾਰਮਿਕ, ਰਾਜਨੀਤਕ ਤੇ ਸਮਾਜਿਕ ਆਗੂਆਂ ਅਤੇ ਵੱਡੀ ਗਿਣਤੀ ਵਿਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਾਬਕਾ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਤੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਯਾਦ ਰਹੇ ਚਰਨਜੀਤ ਸਿੰਘ ਚੰਨ ਗਿੱਲ (51)ਦੀ ਬੀਤੇ ਦਿਨੀਂ ਅਮਰੀਕਾ ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਤੇ ਓਥੇ ਹੀ ਉਸਦੇ ਅੰਤਿਮ ਸੰਸਕਾਰ ਅਤੇ ਸ਼ੋਕ ਸਮਾਗਮ ਵਿੱਚ ਭਾਰਤ ਵਿੱਚੋਂ ਡਾਕਟਰ ਕਰਮਜੀਤ ਸਿੰਘ ਗਿੱਲ ਤੋਂ ਇਲਾਵਾ ਵਿਦੇਸ਼ਾਂ ਵਿੱਚ ਰਹਿਣ ਵਾਲੇ ਉਸਦੇ ਸਨੇਹੀਆਂ ਅਤੇ ਖਾਲਸਾ ਕਾਲਜ ਐਲੁਮਨੀ ਨੇ ਕੈਨੇਡਾ ਅਤੇ ਅਮਰੀਕਾ ਤੋਂ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾਈ ਸੀ। ਅੱਜ ਦੇ ਇਸ ਅਰਦਾਸ ਸਮਾਰੋਹ ਨੂੰ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਝਰ, ਕੁਲਦੀਪ ਸਿੰਘ ਧਾਲੀਵਾਲ, ਹਰਮਿੰਦਰ ਸਿੰਘ ਗਿੱਲ,ਅਨਿਲ ਜੋਸ਼ੀ, ਡਾਕਟਰ ਦਵਿੰਦਰ ਸਿੰਘ ਛੀਨਾ, (ਪ੍ਰਧਾਨ, ਖਾਲਸਾ ਕਾਲਜ ਅੰਮ੍ਰਿਤਸਰ ਗਲੋਬਲ ਐਲੁਮਨੀ ਐਸੋਸੀਏਸ਼ਨ) ਅਤੇ ਸ਼ਮਸ਼ੇਰ ਸਿੰਘ ਕੋਹਰੀ ਨੇ ਸੰਬੋਧਨ ਕੀਤਾ। ਇਸ ਸਮੇਂ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੀ ਤਰਫੋਂ ਸਵਰਗੀ ਚੰਨ ਗਿੱਲ ਦੀ ਯਾਦ ਵਿੱਚ ਉਸਦੇ ਪਿੰਡ ਮੱਲੂ ਨੰਗਲ ਵਿੱਚ ਪ੍ਰਸਤਾਵਿਤ ਭੰਗੜਾ ਅਕੈਡਮੀ ਬਣਾਉਣ ਲਈ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਤੇ ਡਾਕਟਰ ਇੰਦਰਬੀਰ ਸਿੰਘ ਨਿੱਝਰ ਵੱਲੋਂ ਵੀ ਇੰਨੀ ਹੀ ਰਾਸ਼ੀ ਦੇਣ ਦਾ ਭਰੋਸਾ ਦਿਵਾਇਆ। ਡਾਕਟਰ ਦਵਿੰਦਰ ਸਿੰਘ ਛੀਨਾ ਨੇ ਐਲਾਨ ਕੀਤਾ ਕਿ ਹਰ ਵਰ੍ਹੇ ਖਾਲਸਾ ਕਾਲਜ ਗਲੋਬਲ ਐਲੁਮਨੀ ਐਸੋਸੀਏਸ਼ਨ ਵੱਲੋਂ ਅੰਮ੍ਰਿਤਸਰ ਇੰਟਰਨੈਸ਼ਨਲ ਫੋਕ ਫੈਸਟੀਵਲ ਮੌਕੇ *ਚੰਨ ਗਿੱਲ ਯਾਦਗਾਰੀ ਸੱਭਿਆਚਾਰਕ ਐਵਾਰਡ* ਦੇਣ ਦਾ ਐਲਾਨ ਕੀਤਾ ਅਤੇ ਚੰਨ ਗਿੱਲ ਨੂੰ ਖਾਲਸਾ ਕਾਲਜ ਦਾ ਸੱਭਿਆਚਾਰਕ *ਲੀਜੈਂਡ* ਕਰਾਰ ਦਿੱਤਾ|ਉਹਨਾਂ ਇਹ ਵੀ ਕਿਹਾ ਕਿ ਚੰਨ ਗਿੱਲ ਦੀ ਯਾਦ ਨੂੰ ਖਾਲਸਾ ਕਾਲਜ ਵਿੱਚ ਅਤੇ ਲੋਕਾਂ ਵਿੱਚ ਸਥਾਈ ਤੌਰ ਤੇ ਬਣਾਈ ਰੱਖਣ ਲਈ ਉਪਰਾਲੇ ਜਾਰੀ ਰੱਖਣਗੇ। ਇਸ ਮੌਕੇ ਸ਼ਹੀਦ ਸਿੱਖ ਮਿਲਟਰੀ ਯਾਦਗਾਰੀ ਕਮੇਟੀ, ਯੂਰਪ ਵੱਲੋਂ ਸਰਦਾਰ ਭੁਪਿੰਦਰ ਸਿੰਘ ਹਾਲੈਂਡ ਅਤੇ ਡਾਕਟਰ ਦਵਿੰਦਰ ਸਿੰਘ ਛੀਨਾ ਨੇ ਚੰਨ ਗਿੱਲ ਦੇ ਸਪੁੱਤਰ ਸਮਰ ਗਿੱਲ ਨੂੰ ਯਾਦਗਾਰੀ ਮੇਡਲ ਅਤੇ ਖਾਲਸਾ ਕਾਲਜ ਬਰੌਜ ਪ੍ਰਦਾਨ ਕੀਤਾ। ਇਸ ਮੌਕੇ ਬਹੁਤ ਵੱਡੀ ਗਿਣਤੀ ਵਿੱਚ ਆਏ ਪ੍ਰਮੁੱਖ ਵਿਅਕਤੀਆਂ ਵਿੱਚ ਮਨਮੋਹਨ ਸਿੰਘ ਸਠਿਆਲਾ, ਅਲਵਿੰਦਰਪਾਲ ਸਿੰਘ ਪੱਖੋਕੇ, ਨਾਟਕਕਾਰ ਕੇਵਲ ਧਾਲੀਵਾਲ, ਮਨਜਿੰਦਰ ਸਿੰਘ ਮੱਤੇਨੰਗਲ, ਤੇਜਬੀਰ ਸਿੰਘ ਬੱਗਾ,ਬੋਨੀ ਗਿੱਲ, ਮਗਵਿੰਦਰ ਸਿੰਘ ਖਾਪੜਖੇੜੀ, ਸੁਖਪਾਲ ਸਿੰਘ ਸੋਹੀ, ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ, ਹਰਜਿੰਦਰ ਸਿੰਘ ਮਰਹਾਣਾ, ਜੋਤੀ ਸੇਖੋਂ ਪੱਟੀ,ਕਾਰਜ ਸਿੰਘ ਗਿੱਲ, ਗੁਰਪ੍ਰਤਾਪ ਸਿੰਘ ਟਿੱਕਾ , ਗੁਰਸ਼ਬਦ ਸਿੰਘ, ਹਰਪ੍ਰੀਤ ਸਿੰਘ ਭੱਟੀ, ਕੰਵਲਜੀਤ ਸਿੰਘ ਵਾਹਲਾ, ਹਰਪ੍ਰੀਤ ਚੀਮਾ, ਗੁਰਿੰਦਰ ਸਿੰਘ ਮਹਿਰੋਕ, ਗੁਰਿੰਦਰ ਸਿੰਘ ਸੁਲਤਾਨਵਿੰਡ, ਡਾਕਟਰ ਜਤਿੰਦਰ ਸਿੰਘ ਪੰਨੂ, ਡਾਕਟਰ ਹਰਮੋਹਿੰਦਰ ਸਿੰਘ ਹਰਤੇਜ, ਡਾਕਟਰ ਪ੍ਰਕਾਸ਼ ਸਿੰਘ ਢਿੱਲੋਂ, ਡਾਕਟਰ ਮਨਪ੍ਰੀਤ ਸਿੰਘ, ਡਾਕਟਰ ਨਵਪ੍ਰੀਤ ਸਿੰਘ, ਡਾਕਟਰ ਅਮਨਦੀਪ ਕੌਰ, ਭੁਪਿੰਦਰ ਸਿੰਘ ਰੰਧਾਵਾ, ਸਰਬਜੀਤ ਸਿੰਘ ਹੁਸ਼ਿਆਰ ਨਗਰ, ਅਸ਼ੋਕ ਸ਼ਰਮਾ, ਨਿਰਮਲ ਸਿੰਘ ਮਜੀਠਾ, ਐਡਵੋਕੇਟ ਮਨਜੀਤ ਸਿੰਘ ਛੀਨਾ, ਰਸ਼ਪਾਲ ਸਿੰਘ ਛਾਲੀ ਤੇੜਾ, ਗੁਰਸ਼ਰਨ ਸਿੰਘ ਛੀਨਾ, ਰਸ਼ਪਾਲ ਸਿੰਘ ਕੋਟ ਖਾਲਸਾ, ਪ੍ਰੋ ਨਿਰਮਲ ਸਿੰਘ ਰੰਧਾਵਾ ਨੇ ਵੀ ਹਾਜ਼ਰੀ ਲਗਵਾਈ ਤੇ ਪ੍ਰਵਾਰ ਨਾਲ ਦੁੱਖ ਸਾਂਝਾ ਕੀਤਾ। ਗੁਰਦੁਆਰਾ ਕਮੇਟੀ ਵੱਲੋਂ ਚਰਨਜੀਤ ਸਿੰਘ ਚੰਨ ਗਿੱਲ ਦੇ ਬੇਟੇ ਸਮਰ ਗਿੱਲ ਅਤੇ ਭਰਾ ਡਾਕਟਰ ਕਰਮਜੀਤ ਸਿੰਘ ਗਿੱਲ ਨੂੰ ਸਿਰੋਪਾਓ ਪ੍ਰਧਾਨ ਬਿਕਰਮਜੀਤ ਸਿੰਘ ਬਾਜਵਾ ਵੱਲੋਂ ਦਿੱਤੇ ਗਏ।