ਗੁਰਦਾਸਪੁਰ 16 ਮਾਰਚ : ਗੁਰਦਾਸਪੁਰ ਦੇ ਸੀਨੀਅਰ ਪੁਲਿਸ ਕਪਤਾਨ ਦਾਯਮਾ ਹਰੀਸ਼ ਕੁਮਾਰ (ਆਈ.ਪੀ.ਐਸ.) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿਮ ਦੌਰਾਨ 8 ਮਾਰਚ ਨੂੰ ਪਿੰਡ ਚੱਕ ਰਾਮ ਸਹਾਏ ਦੇ ਵਾਸੀਆਂ ਵੱਲੋਂ ਦਿੱਤੀ ਸੂਚਨਾ ਦੇ ਆਧਾਰ ਤੇ ਪਿੰਡ ਮਾਮੂਵਾਲ ਵਿਖੇ ਬੀ.ਐਸ.ਐਫ ਅਤੇ ਪੁਲਿਸ ਕਰਮਚਾਰੀਆਂ ਨਾਲ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ, ਸਰਚ ਦੌਰਾਨ ਖੇਤਾਂ ਵਿੱਚੋ ਇੱਕ ਪੈਕਟ ਹੈਰੋਇਨ ਵਜ਼ਨੀ 470 ਗ੍ਰਾਮ ਬਰਾਮਦ ਹੋਈ। ਜਿਸ ਤੇ ਥਾਣਾ ਬਹਿਰਾਮਪੁਰ ਵਿਖੇ ਨਾ-ਮਲੂਮ ਵਿਅਕਤੀ ਖਿਲਾਫ ਰਜਿਸਟਰ ਕੀਤਾ ਗਿਆ। 9 ਮਾਰਚ ਨੂੰ ਮੁੱਖ ਅਫਸਰ ਥਾਣਾ ਦੋਰਾਂਗਲਾ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਹਾਈਟੈੱਕ ਨਾਕਾ ਬੱਬਰੀ ਬਾਈਪਾਸ ਗੁਰਦਾਸਪੁਰ ਤੋਂ ਅੰਮ੍ਰਿਤਸਰ ਸਾਈਡ ਤੋਂ ਆ ਰਹੀ ਵਰਨਾ ਕਾਰ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਕਾਰ ਸਵਾਰ ਗੁਰਜੀਤ ਸਿੰਘ ਉਰਫ ਕਾਲੂ ਪੁੱਤਰ ਲਖਬੀਰ ਸਿੰਘ ਅਤੇ ਸਤਨਾਮ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀਆਨ ਮਲੂਕ ਚੱਕ ਪਾਸੋਂ 405 ਗ੍ਰਾਮ ਹੈਰੋਇਨ, ਇੱਕ ਪਿਸਟਲ 30 ਬੋਰ ਸਮੇਤ 4 ਰੌਦ ਜਿੰਦਾ ਬਰਾਮਦ ਕਰਕੇ ਕਾਬੂ ਕੀਤਾ। ਦੋਸ਼ੀਆਂ ਵੱਲੋਂ ਫਰਦ ਇੰਕਸਾਫ ਕਰਨ ਤੇ ਇਹਨਾਂ ਪਾਸੋਂ ਇੱਕ ਲੱਖ ਰੁਪਏ ਡਰੱਗ ਮਨੀ ਅਤੇ ਇੱਕ ਡਰੋਨ ਬਰਾਮਦ ਕੀਤਾ। ਦੋਸ਼ੀਆਂ ਦੀ ਪੁੱਛ-ਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਥਾਣਾ ਬਹਿਰਾਮਪੁਰ ਵਿੱਚ ਦਰਜ ਉਕਤ ਮੁਕੱਦਮਾ ਵਿੱਚ ਬ੍ਰਾਮਦ 470 ਗ੍ਰਾਮ ਹੈਰੋਇੰਨ ਵੀ ਇਹਨਾਂ ਦੋਸ਼ੀਆਂ ਵੱਲੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਸੀ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਇਹ ਦੋਸ਼ੀ ਹੈਰੋਇਨ ਅੱਗੇ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਗੁਰਪਾਲ ਸਿੰਘ ਵਾਸੀ ਦੋਸਤਪੁਰ ਨੂੰ ਸਪਲਾਈ ਕਰਦੇ ਸਨ, ਜਿਸ ਨੂੰ ਮੁਕੱਦਮਾ ਵਿੱਚ ਨਾਮਜ਼ਦ ਕਰਕੇ 2 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹਨਾਂ ਦੋਸ਼ੀਆਂ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਹ ਇਸ ਸਾਰਾ ਰੈਕਟ ਹਰਮੀਤ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਖਵਾਜਾ ਬਰਦੰਗ ਅਤੇ ਰਣਯੋਧ ਸਿੰਘ ਉਰਫ ਢਿੱਲੋਂ ਉਰਫ ਯੋਧਾ ਦੀ ਸਹਾਇਤਾ ਨਾਲ ਦੋਸ਼ੀ ਹਰਜੀਤ ਸਿੰਘ ਉਰਫ ਜੀਤਾ ਪੁੱਤਰ ਚੈਂਚਲ ਸਿੰਘ ਵਾਸੀ ਟਾਹਲੀ ਸਾਹਿਬ ਜੋ ਇਸ ਸਮੇਂ ਅੰਮ੍ਰਿਤਸਰ ਜੇਲ ਵਿੱਚ ਅਤੇ ਸੁਰਿੰਦਰ ਸਿੰਘ ਉਰਫ ਕਾਲਾ ਪੁੱਤਰ ਹਰਦੇਵ ਸਿੰਘ ਵਾਸੀ ਪੁਲਾਹੀ ਹੁਸ਼ਿਆਰਪੁਰ ਜੋ ਫਰੀਦਕੋਟ ਜੇਲ ਵਿੱਚ ਬੰਦ ਹੈ, ਦੇ ਕਹਿਣ ਤੇ ਚਲਾਉਂਦੇ ਸਨ। ਦੋਸ਼ੀ ਹਰਮੀਤ ਸਿੰਘ ਅਤੇ ਰਣਯੋਧ ਸਿੰਘ ਉਰਫ ਢਿੱਲੋ ਉਰਫ ਯੋਧਾ ਨੂੰ ਮੁਕੱਦਮਾ ਵਿੱਚ ਦੋਸ਼ੀ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਸੀ ਹਰਜੀਤ ਸਿੰਘ ਉਰਫ ਜੀਤਾ ਨੂੰ ਜੇਲ੍ਹ ਵਿੱਚੋ ਪ੍ਰੋਡੰਕਸ਼ਨ ਵਰੰਟ ਤੇ ਲਿਆ ਕੇ ਗ੍ਰਿਫਤਾਰ ਕੀਤਾ ਅਤੇ ਉਸ ਪਾਸੋ ਇੱਕ ਮੋਬਾਇਲ ਬਰਾਮਦ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਦੇ ਇੱਕ ਹੋ ਸਾਥੀ ਸੁਰਿੰਦਰ ਸਿੰਘ ਉਰਫ ਕਾਲਾ ਦੀ ਭਾਲ ਜਾਰੀ ਹੈ।