ਕਿਸਾਨੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਦਬਾਅ ਪਾਉਣ ਲਈ 30 ਦਸੰਬਰ ਨੂੰ ਕੀਤਾ ਜਾਵੇਗਾ ਪੂਰਾ ਪੰਜਾਬ ਬੰਦ : ਸਰਵਨ ਸਿੰਘ ਪੰਧੇਰ 

ਅੰਮ੍ਰਿਤਸਰ, 27 ਦਸੰਬਰ 2024 : ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸੰਯੁਕਤ  ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਕਿਸਾਨ ਸੰਗਠਨਾਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ ਇਕੱਲੇ-ਇਕੱਲੇ ਦੁਕਾਨਦਾਰ ਅਤੇ ਰੇੜੀ ਫੜੀ ਤੇ ਪਹੁੰਚ ਕੀਤੀ ਗਈ। ਉਹਨਾਂ ਨੂੰ 30 ਦਸੰਬਰ ਨੂੰ ਬੰਦ ਦੀ ਅਪੀਲ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ 318 ਦਿਨ ਤੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਤੇ ਉਹ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠ ਕੇ ਆਪਣੀਆਂ ਮੰਗਾਂ ਪ੍ਰਤੀ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਗਟ ਕਰ ਰਹੇ ਹਨ। ਉਥੇ ਹੀ ਉਹਨਾਂ ਕਿਹਾ ਕਿ 32 ਦਿਨਾਂ ਤੋਂ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਵੀ ਮਰਨ ਵਰਤ ਤੇ ਬੈਠੇ ਹੋਏ ਹਨ ਅਤੇ ਇਸ ਕਰਕੇ ਕੇਂਦਰ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਅਸੀਂ 30 ਦਸੰਬਰ ਨੂੰ ਪੂਰਾ ਪੰਜਾਬ ਬੰਦ ਕਰ ਰਹੇ ਹਾਂ ਜਿਸ ਦੇ ਲਈ ਅਸੀਂ ਅੰਮ੍ਰਿਤਸਰ ਤੇ ਇਸ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਅੱਜ ਵੱਖ-ਵੱਖ ਥਾਵਾਂ ਤੇ ਜਾ ਕੇ ਇਕੱਲੇ-ਇਕੱਲੇ ਦੁਕਾਨਦਾਰ ਅਤੇ ਰੇੜੀ ਫੜੀ ਵਾਲਿਆਂ ਨੂੰ 30 ਦਸੰਬਰ ਨੂੰ ਪੰਜਾਬ ਬੰਦ ਕਰਨ ਦੀ ਅਪੀਲ ਕਰ ਰਹੇ ਹਾਂ। ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਇਹ ਮੋਰਚਾ ਇਕੱਲਾ ਕਿਸਾਨਾਂ ਦਾ ਨਹੀਂ ਹੈ ਇਹ ਮੋਰਚਾ ਪੂਰੇ ਦੇਸ਼ ਦੇ ਲੋਕਾਂ ਦਾ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ 30 ਦਸੰਬਰ ਨੂੰ ਤਿੰਨ ਕਰੋੜ ਪੰਜਾਬੀ ਪੰਜਾਬ ਬੰਦ ਕਰਕੇ ਕੇਂਦਰ ਸਰਕਾਰ ਨੂੰ ਕਰਾਰਾ ਜਵਾਬ ਦੇਣਗੇ। ਆਉਣ ਵਾਲੇ ਸਮੇਂ ‘ਚ ਪੰਜਾਬ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਇਸ ਜਹਾਨ ਤੋਂ ਤੁਰ ਜਾਣਾ ਦੁਖਦ ਗੱਲ ਹੈ।