
ਅੰਮ੍ਰਿਤਸਰ, 4 ਫਰਵਰੀ, 2025 : ਜਿਲ੍ਹਾ ਪ੍ਰਸਾਸ਼ਨ ਵੱਲੋਂ ਵਿਸ਼ਵ ਕੈਂਸਰ ਦਿਵਸ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਲਕਲਾਂ, ਕੈਂਸਰ ਜਾਗਰੂਕਤਾ, ਸ਼ੁਰੂਆਤੀ ਖੋਜ ਅਤੇ ਮੁਫ਼ਤ ਸਿਹਤ ਜਾਂਚ ਕੈਂਪ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਹ ਪਹਿਲ ਫਿੱਕੀ ਫਲੋਅ, ਵਰਲਡ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ, ਪੰਜਾਬ ਸਰਕਾਰ, ਨੈਸ਼ਨਲ ਰੂਰਲ ਹੈਲਥ ਮਿਸ਼ਨ, SBI ਕਾਰਡ ਪਹਿਲ, ਅਤੇ OTT ਟਰੱਸਟ ਦੇ ਸਹਿਯੋਗ ਨਾਲ ਕੀਤੀ ਗਈ ਤਾਂ ਜੋ ਸਮਾਜ ਨੂੰ ਜ਼ਰੂਰੀ ਸਿਹਤ ਸੇਵਾਵਾਂ ਪ੍ਰਦਾਨ ਕਰਦੇ ਹੋਏ ਕੈਂਸਰ ਦੀ ਰੋਕਥਾਮ ਅਤੇ ਸ਼ੁਰੂਆਤੀ ਖੋਜ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਪੁੱਜੇ ਅਤੇ ਵਿਸ਼ਵ ਕੈਂਸਰ ਦਿਵਸ ਤੇ ਲੱਗੇ ਹੋਏ ਮੈਡੀਕਲ ਜਾਂਚ ਕੈਂਪ ਦਾ ਜਾਇਜਾ ਲਿਆ। ਉਨ੍ਹਾਂ ਕਿਹਾ ਕਿ ਫਿੱਕੀ ਫਲੋ ਵੱਲੋਂ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਡਿਪਟੀ ਕਮਿਸ਼ਨ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮੁਕਸਦ ਲੋਕਾਂ ਦੀ ਮੈਡੀਕਲ ਜਾਂਚ ਕਰਕੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਨੂੰ ਮੌਕੇ ਤੇ ਉਸ ਦੀ ਰੋਕਥਾਮ ਕਰਨਾ ਹੈ। ਡਿਪਟੀ ਕਮਿਸ਼ਨਰ ਨੇ ਕੈਂਪ ਦੌਰਾਨ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਪੇਂਡੂ ਖੇਤਰਾਂ ਵਿੱਚ ਸਿਹਤ ਸਹੂਲਤਾਂ ਵਧਾਉਣ ਦੀ ਗੱਲ ਤੇ ਜੋਰ ਦਿੱਤਾ। ਇਹ ਕੈਂਪ ਪ੍ਰਸਿੱਧ ਆਰਥੋਪੈਡਿਕ ਸਰਜਨ ਅਤੇ ਕੈਂਸਰ ਕਰੂਸੇਡਰ ਡਾ. ਹਰਦਾਸ ਸਿੰਘ ਸੰਧੂ ਦੀ ਯਾਦ ਵਿੱਚ ਲਗਾਇਆ ਗਿਆ ਸੀ ਜਿੰਨਾਂ ਨੇ ਕੈਂਸਰ ਨੂੰ ਖਤਮ ਕਰਨ ਲਈ ਆਪਣਾ ਯੋਗਦਾਨ ਪਾਇਆ। ਇਸ ਸਮਾਗਮ ਵਿੱਚ 450 ਤੋਂ ਵੱਧ ਲਾਭਪਾਤਰੀਆਂ ਦੀ ਇੱਕ ਸ਼ਾਨਦਾਰ ਸ਼ਮੂਲੀਅਤ ਦੇਖਣ ਨੂੰ ਮਿਲੀ, ਜਿਨ੍ਹਾਂ ਨੇ ਮੁਫ਼ਤ ਡਾਕਟਰੀ ਸੇਵਾਵਾਂ ਦਾ ਲਾਭ ਉਠਾਇਆ। ਇਸ ਕੈਂਪ ਵਿੱਚ ਕੈਂਸਰ ਜਾਗਰੂਕਤਾ ਅਤੇ ਸ਼ੁਰੂਆਤੀ ਖੋਜ ਸਹੂਲਤਾਂ, ਔਰਤਾਂ ਲਈ ਮੈਮੋਗ੍ਰਾਫੀ ਅਤੇ ਪੈਪ ਸਮੀਅਰ ਟੈਸਟ, ਬਲੱਡ ਸ਼ੂਗਰ ਅਤੇ ਬੀਪੀ ਚੈੱਕ-ਅੱਪ, ਡਾਕਟਰ ਸਲਾਹ-ਮਸ਼ਵਰਾ, ਮੁਫ਼ਤ ਐਨਕਾਂ ਨਾਲ ਅੱਖਾਂ ਦੀ ਜਾਂਚ, ਅਨੀਮੀਆ ਅਤੇ ਕੁਪੋਸ਼ਣ ਸਕ੍ਰੀਨਿੰਗ, ਹੱਡੀਆਂ ਦੀ ਘਣਤਾ ਟੈਸਟ, ਮੁਫ਼ਤ ਦਵਾਈ ਵੰਡ ਵੀ ਕੀਤੀ ਗਈ। ਇਸ ਮੌਕੇ ਡਾ. ਸਿਮਰਪ੍ਰੀਤ ਸੰਧੂ ਵੱਲੋਂ ਭਾਈਵਾਲਾਂ ਜਿਵੇਂ ਕਿ ਬੀ:ਐਨ:ਆਈ ਫਾਊਂਡੇਸ਼ਨ ਅਤੇ ਇਨਰ ਵ੍ਹੀਲ ਤੋਂ ਭਾਰੀ ਸਮਰਥਨ ਲਈ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਕੈਂਸਰ ਨਾਲ ਲੜਨ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਵਿੱਚ ਸਮੂਹਿਕ ਯਤਨਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਡਾ. ਹਰਦਾਸ ਹਸਪਤਾਲ, ਪ੍ਰੀਤ ਹਸਪਤਾਲ, ਕੇਅਰਵੈੱਲ ਹਸਪਤਾਲ, ਅਤੇ ਕੇ ਮੈਕਸ ਅਮਰੀਕਨ ਸਮੇਤ ਮੈਡੀਕਲ ਭਾਈਵਾਲਾਂ ਦਾ ਵੀ ਧੰਨਵਾਦ ਵੀ ਕੀਤਾ। ਉਨ੍ਹਾਂ ਦੱਸਿਆ ਕਿ ਫਿੱਕੀ ਫਲੋ ਲਗਾਤਾਰ ਜਨਤਕ ਸਿਹਤ ਵਿੱਚ ਯੋਗਦਾਨ ਪਾਇਆ ਹੈ ਅਤੇ ਪਛੜੇ ਭਾਈਚਾਰਿਆਂ ਤੱਕ ਜ਼ਰੂਰੀ ਸਿਹਤ ਸੰਭਾਲ ਸੇਵਾਵਾਂ ਪਹੁੰਚਾਉਣ ਵਿੱਚ ਮੋਹਰੀ ਹੈ। ਇਸ ਮੌਕੇ ਸਿਵਲ ਸਰਜਨ ਅੰਮ੍ਰਿਤਸਰ ਡਾ: ਕਿਰਨਦੀਪ ਕੌਰ, ਡਾ: ਭਾਰਤੀ ਧਵਨ, ਮਾਸ ਮੀਡੀਆ ਅਫਸਰ ਸ੍ਰ ਅਮਰਦੀਪ ਸਿੰਘ ਵੀ ਹਾਜਰ ਸਨ।