- 19 ਕਿਸਾਨਾਂ ਵਿਰੁੱਧ ਦਰਜ ਕਰਵਾਈ ਜਾ ਚੁੱਕੀ ਹੈ ਐਫ ਆਈ ਆਰ ਅਤੇ 21 ਅਪਰਾਧਿਕ ਸ਼ਿਕਾਇਤਾਂ ਕੀਤੀਆਂ
- 210 ਕੇਸਾਂ ਵਿੱਚ ਲਾਲ ਇੰਦਰਾਜ ਕੀਤੇ ਗਏ ਦਰਜ
ਅੰਮ੍ਰਿਤਸਰ, 16 ਨਵੰਬਰ : ਜਿਲ੍ਹੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਤੇ ਰੁਝਾਨ ਨੂੰ ਮੁਕੰਮਲ ਤੌਰ ਉਤੇ ਬੰਦ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਦੀ ਅਗਵਾਈ ਹੇਠਾਂ ਟੀਮਾਂ ਅਜੇ ਵੀ ਲਗਾਤਾਰ ਸਰਗਰਮ ਹਨ ਅਤੇ ਹੁਣ ਤੱਕ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ 2432500- ਰੁਪਏ ਦਾ ਜ਼ੁਰਮਾਨਾ ਕੀਤਾ ਜਾ ਚੁੱਕਾ ਹੈ। ਡਿਪਟੀ ਕਮਿਸ਼ਨਰ ਵੱਲੋਂ ਟੀਮਾਂ ਨੂੰ ਲਗਾਤਾਰ ਅੱਗ ਲੱਗਣ ਵਾਲੇ ਖੇਤਾਂ ਤੱਕ ਪਹੁੰਚ ਕਰਨ ਦੀਆਂ ਹਦਾਇਤਾਂ ਹਨ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਹਰੇਕ ਥਾਣਾ ਮੁੱਖੀ ਵੀ ਪਰਾਲੀ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ਉਤੇ ਮੌਕੇ ਤੇ ਪਹੁੰਚ ਕੇ ਕਾਰਵਾਈ ਕਰ ਰਿਹਾ ਹੈ। ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਦੱਸਿਆ ਕਿ ਹੁਣ ਤੱਕ ਸਾਡੀਆਂ ਟੀਮਾਂ ਨੂੰ ਜਿੰਨੀਆਂ ਵੀ ਥਾਵਾਂ ’ਤੇ ਅੱਗ ਲੱਗਣ ਦੀ ਸੂਚਨਾ ਉਪਗ੍ਰਹਿ ਰਾਹੀਂ ਮਿਲੀ ਸੀ, ਉਸ ਦਾ ਮੌਕੇ ਉਤੇ ਜਾ ਕੇ ਦੌਰਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜਿੱਥੇ ਪਰਾਲੀ ਨੂੰ ਅੱਗ ਲੱਗਣ ਦੀ ਪੁਸ਼ਟੀ ਹੋਈ ਹੈ, ਉਥੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਕਿਸਾਨਾਂ ਨੂੰ ਕਰੀਬ 24 ਲੱਖ ਰੁਪਏ ਤੋਂ ਵੱਧ ਦਾ ਜ਼ੁਰਮਾਨਾ ਕੀਤਾ ਗਿਆ ਹੈ, ਜਦਕਿ 210 ਕੇਸਾਂ ਵਿਚ ਮਾਲ ਰਿਕਾਰਡ ਵਿੱਚ ਲਾਲ ਇੰਦਰਾਜ ਦਰਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ 19 ਐਫ ਆਈ ਆਰ ਅਤੇ ਵਾਯੂ ਐਕਟ ਦੀ ਉਲੰਘਣਾ ਦੇ ਦੋਸ਼ ਹੇਠ 21 ਅਪਰਾਧਿਕ ਸ਼ਿਕਾਇਤਾਂ ਮਾਣਯੋਗ ਅਦਾਲਤ ਵਿੱਚ ਦਰਜ ਕੀਤੀਆਂ ਗਈਆਂ ਹਨ। ਸ੍ਰੀ ਥੋਰੀ ਨੇ ਕਿਸਾਨਾਂ ਨੂੰ ਚੌਕਸ ਕਰਦਿਆਂ ਕਿਹਾ ਕਿ ਸਾਡੀ ਨਿਗਾਹ ਹਰ ਖੇਤ ਉੱਪਰ ਹੈ ਅਤੇ ਜੋ ਵੀ ਪਰਾਲੀ ਸਾੜੇਗਾ, ਕਾਨੂੰਨੀ ਕਾਰਵਾਈ ਹੋਵੇਗੀ।