
- ਵਿਧਾਇਕ ਸ਼ੈਰੀ ਕਲਸੀ ਵਲੋਂ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਸਕੂਲਾਂ ’ਚ ਕੀਤੇ ਵਿਕਾਸ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ
ਬਟਾਲਾ, 25 ਅਪ੍ਰੈਲ 2025 : ਬਟਾਲਾ ਦੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ’ਚ ਸਰਕਾਰੀ ਸਕੂਲਾਂ ’ਚ ਹੋਏ ਕ੍ਰਾਂਤੀਕਾਰੀ ਬਦਲਾਅ ਸਦਕਾ ਹੁਣ ਸਰਕਾਰੀ ਸਕੂਲ ਮਾਪਿਆਂ ਦੀ ਪਹਿਲੀ ਪਸੰਦ ਬਣ ਗਏ ਹਨ। ਇਹ ਪ੍ਰਗਟਾਵਾਂ ਉਨ੍ਹਾਂ ਅੱਜ ਬਟਾਲਾ ਹਲਕੇ ਦੇ ਵੱਖ-ਵੱਖ ’ਚ ਹੋਏ ਵਿਕਾਸ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ ਕਰਦਿਆਂ ਕੀਤਾ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਦੂਰਅੰਦੇਸ਼ੀ ਸੋਚ ਸਦਕਾ ਸਰਕਾਰੀ ਸਕੂਲਾਂ ਦੇ ਅਧਿਆਪਕ ਸਿੰਗਾਪੁਰ ਤੇ ਫਿਨਲੈਂਡ ਵਰਗੇ ਦੇਸ਼ਾਂ ਤੋਂ ਸਿਖਲਾਈ ਲੈ ਰਹੇ ਹਨ ਤਾਂ ਜੋ ਸਾਡੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਕੌਮਾਂਤਰੀ ਪੱਧਰ ਦੀਆਂ ਤਕਨੀਕਾਂ ਨਾਲ ਸਿੱਖਿਅਤ ਕੀਤਾ ਜਾ ਸਕੇ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਵੀ ਵੱਡੇ ਵਿਦਿਅਕ ਅਦਾਰਿਆਂ ਦੇ ਟੂਰ ਕਰਵਾਏ ਜਾ ਰਹੇ ਹਨ ਤਾਂ ਜੋ ਇਨ੍ਹਾਂ ਅਦਾਰਿਆਂ ਨੂੰ ਦੇਖ ਕੇ ਵਿਦਿਆਰਥੀ ਆਪਣੇ ਭਵਿੱਖ ਦੇ ਟੀਚੇ ਨਿਰਧਾਰਤ ਕਰ ਸਕਣ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ’ਚ ਸਰਕਾਰੀ ਸਕੂਲਾਂ ਦਾ ਮੁਹਾਂਦਰਾ ਪੂਰੀ ਤਰ੍ਹਾਂ ਬਦਲ ਗਿਆ ਹੈ ਹੁਣ ਵਿਦਿਆਰਥੀ ਬਲੈਕ ਬੋਰਡ ਤੋਂ ਡਿਜ਼ੀਟਲ ਸਕਰੀਨਾਂ ਵਾਲੇ ਹੋ ਗਏ ਹਨ, ਜੋ ਵਿਦਿਆਰਥੀਆਂ ’ਚ ਆਤਮ ਵਿਸ਼ਵਾਸ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਪਹਿਲੇ ਦਿਨ ਤੋਂ ਇਹ ਵਿਸ਼ਵਾਸ ਹੈ ਕਿ ਸਿੱਖਿਆ ਨਾਲ ਹੀ ਵਿਕਸਤ ਸਮਾਜ ਬਣਾਇਆ ਜਾ ਸਕਦਾ ਹੈ ਤੇ ਇਸ ’ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਰਸੂਲਪੁਰ, ਮਨੋਹਰਪੁਰ ਅਤੇ ਦੁਨੀਆ ਸੰਧੂ ਵਿੱਚ ਨਵੇਂ ਕਮਰੇ, ਮਿੱਡ ਡੇ ਮੀਲ ਕਮਰਾ, ਸ਼ੈੱਡ, ਚਾਰ ਦੁਆਰੀ ਅਤੇ ਹੋਰ ਵੱਡੇ ਕੰਮ ਬੱਚਿਆਂ ਨੂੰ ਸਮਰਪਿਤ ਕੀਤੇ। ਦੱਸਣਯੋਗ ਹੈ ਕਿ ਸਕੂਲਾਂ ਵਿੱਚ ਕਰਵਾਏ ਗਏ ਇਹਨਾਂ ਕੰਮਾਂ ਨਾਲ ਬੱਚਿਆਂ ਨੂੰ ਪੜ੍ਹਾਈ ਲਈ ਸਾਜਗਰ ਮਾਹੌਲ ਮਿਲਣਾ ਸ਼ੁਰੂ ਹੋਵੇਗਾ, ਸਕੂਲ ਵਿੱਚ ਚਾਰਦਿਵਾਰੀ ਹੋਣ ਨਾਲ ਸੁਰੱਖਿਆ ਦੇ ਇੰਤਜ਼ਾਮ ਬਿਹਤਰ ਹੋਏ ਹਨ। ਵਿਦਿਆਰਥੀਆਂ ਨੂੰ ਬੈਠਣ ਲਈ ਸਾਫ ਸੁਥਰੇ ਕਲਾਸ ਰੂਮ ਮਿਲੇ ਹਨ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਖੋਲੀਆਂ ਗਈਆਂ ਲਾਇਬਰੇਰੀਆਂ ਬੱਚਿਆਂ ਨੂੰ ਪੜ੍ਹਨ ਦੀ ਆਦਤ ਪਾਉਣਗੀਆਂ ਅਤੇ ਅੱਗੇ ਚੱਲ ਕੇ ਬੱਚੇ ਆਪਣੇ ਪਰਿਵਾਰ ਦਾ ਨਾਂ ਉੱਚਾ ਕਰ ਸਕਣਗੇ। ਇਸ ਮੌਕੇ ਪ੍ਰਧਾਨ ਮਨਦੀਪ ਸਿੰਘ ਗਿੱਲ, ਨਵਦੀਪ ਸਿੰਘ ਪਨੇਸਰ, ਸਰਪੰਚ ਜਸਵੀਰ ਸਿੰਘ ਸੰਧੂ, ਹਰਪਾਲ ਸਿੰਘ ਲਾਡੀ, ਦਿਲਬਾਗ ਸਿੰਘ ਭਾਗੋਵਾਲ, ਸਰਪੰਚ ਕੁਲਦੀਪ ਸਿੰਘ, ਸਰਪੰਚ ਮਿੱਤਰਪਾਲ ਸਿੰਘ, ਗਿਆਨ ਸਿੰਘ ਫੌਜੀ, ਸਾਬਕਾ ਸਰਪੰਚ ਜਤਿੰਦਰ ਸਿੰਘ, ਗਗਨਦੀਪ ਸਿੰਘ ਅਤੇ ਮਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ ਅਤੇ ਮਾਪੇ ਹਾਜ਼ਰ ਸਨ।