ਅੰਮ੍ਰਿਤਸਰ : ਆਮਦਨ ਤੋਂ ਵੱਧ ਸੰਪਤੀ ਬਣਾਉਣ ਦੇ ਦੋਸ਼ ਵਿਚ ਸਾਬਕਾ ਡਿਪਟੀ ਸੀਐੱਮ ਓਪੀ ਸੋਨੀ ਤੋਂ ਅੱਜ ਵਿਜੀਲੈਂਸ ਦਫਤਰ ਵਿਚ ਲਗਭਗ ਢਾਈ ਘੰਟੇ ਪੁੱਛਗਿਛ ਕੀਤੀ ਗਈ। ਇਕ ਸ਼ਿਕਾਇਤ ‘ਤੇ ਵਿਜੀਲੈਂਸ ਨੇ ਉਨ੍ਹਾਂ ਦੀ ਜਾਇਦਾਦ ਨੂੰ ਲੈ ਕੇ ਜਾਂਚ ਕੀਤੀ ਹੈ। ਪੁਲਿਸ ਅਧਿਕਾਰੀਆਂ ਦੀ ਪੁੱਛਗਿਛ ਦੇ ਬਾਅਦ ਵਿਜੀਲੈਂਸ ਦਫਤਰ ਤੋਂ ਬਾਹਰ ਨਿਕਲ ਕੇ ਸਾਬਕਾ ਡਿਪਟੀ ਸੀਐੱਮ ਓਪੀ ਸੋਨੀ ਨੇ ਦੱਸਿਆ ਕਿ ਉਹ ਜਾਂਚ ਵਿਚ ਵਿਜੀਲੈਂਸ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰੇਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਮੀਦਵਾਰ ਆਪਣੀ ਜਾਇਦਾਦ ਦਾ ਪੂਰਾ ਬਿਓਰਾ ਇਕ ਫਾਰਮ ਵਿਚ ਭਰ ਕੇ ਚੋਣ ਕਮਿਸ਼ਨ ਨੂੰ ਦਿੰਦਾ ਹੈ। ਉਨ੍ਹਾਂ ਨੇ ਵੀ ਇਸ ਸਬੰਧੀ ਜਾਇਦਾਦ ਦਾ ਸਾਰਾ ਵੇਰਵਾ ਦਿੱਤਾ ਸੀ। ਦੱਸ ਦੇਈਏ ਕਿ ਅੰਮ੍ਰਿਤਸਰ ਪੁਲਿਸ ਨੂੰ ਪਿਛਲੀ 8 ਨਵੰਬਰ ਨੂੰ ਸੋਨੀ ਖਿਲਾਫ ਇਕ ਸ਼ਿਕਾਇਤ ਪੰਜਾਬ ਵਿਜੀਲੈਂਸ ਦੇ ਦਫਤਰ ਵਿਚ ਆਈ ਸੀ। ਇਸੇ ਲਈ ਸੋਨੀ ਨੂੰ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜੇ ਗਏ ਸਨ। ਸੋਨੀ 28 ਨਵੰਬਰ ਨੂੰ ਪੇਸ਼ ਨਾ ਹੋ ਕੇ ਅੱਜ ਪੇਸ਼ ਹੋਏ ਅਤੇ ਜਾਇਦਾਦ ਨਾਲ ਜੁੜੇ ਸਵਾਲਾਂ ਦੇ ਜਵਾਬ ਦਿੱਤੇ। ਸਾਲ ਦੀ ਸ਼ੁਰੂਆਤ ਵਿਚ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਬਾਅਦ ਕਈ ਕਾਂਗਰਸ ਨੇਤਾ ਵਿਜੀਲੈਂਸ ਦੀ ਰਾਡਾਰ ‘ਤੇ ਹਨ। ਕਈਆਂ ਨੂੰ ਜੇਲ੍ਹ ਵੀ ਹੋ ਚੁੱਕੀ ਹੈ ਤੇ ਕੁਝ ਜ਼ਮਾਨਤ ‘ਤੇ ਬਾਹਰ ਹਨ। ਇਨ੍ਹਾਂ ਵਿਚ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ, ਸਾਧੂ ਸਿੰਘ ਧਰਮਸੌਤ, ਸਾਬਕਾ ਉਦਯੋਗ ਮੰਤਰੀ ਸ਼ਾਮ ਅਰੋੜਾ ਸਾਬਕਾ ਖਾਧ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਹੋਰ ਸ਼ਾਮਲ ਹਨ।