- ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਦੀਆਂ ਸੰਪਰਕ ਸੜਕਾਂ ਦੀ ਸੁਧਰੇਗੀ ਹਾਲਤ : ਕੈਬਨਿਟ ਮੰਤਰੀ
ਜੰਡਿਆਲਾ ਗੁਰੂ, 16 ਨਵੰਬਰ : ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਨੇ ਅੱਜ ਧਰਦਿਉ ਤੋਂ ਗੁਰਦੁਆਰਾ ਬਾਗ ਸਾਹਿਬ ਨੂੰ ਜਾਂਦੀ ਸੜਕ ਉਤੇ ਪੈਂਦੀ ਡਰੇਨ ਦੇ ਪੁੱਲ ਦੀ ਉਸਾਰੀ ਦਾ ਨੀਂਹ ਪੱਥਰ ਰੱਖਦੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਜਾਂ ਜੀ ਟੀ ਰੋਡ ਨਾਲ ਜੋੜਦੀਆਂ ਸਾਰੀਆਂ ਲਿੰਕ ਸੜਕਾਂ ਨੂੰ ਪਹਿਲ ਦੇ ਅਧਾਰ ਉਤੇ ਬਣਾ ਰਹੀ ਹੈ ਤਾਂ ਜੋ ਸਾਡੇ ਲੋਕਾਂ ਨੂੰ ਆਪਣੇ ਕੰਮਕਾਰ ਲਈ ਕਿਧਰੇ ਵੀ ਆਉਣਾ ਜਾਣਾ ਅਸਾਨ ਹੋ ਸਕੇ। ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਲਿੰਕ ਸੜਕਾਂ ਨੂੰ ਚੌੜੇ ਕਰਨ ਦਾ ਜੋ ਸੁਪਨਾ ਲਿਆ ਗਿਆ ਹੈ, ਉਸ ਉਤੇ ਵੀ ਕੰਮ ਜਾਰੀ ਹੈ ਅਤੇ ਪੜਾਅ ਵਾਰ ਇਸ ਕੰਮ ਨੂੰ ਪੂਰਾ ਕੀਤਾ ਜਾਵੇਗਾ। ਪੁੱਲ ਦਾ ਨੀਂਹ ਪੱਥਰ ਰੱਖਦੇ ਉਨਾਂ ਦੱਸਿਆ ਕਿ ਇਹ ਪੁੱਲ ਜੋ ਕਿ ਬਹੁਤ ਪੁਰਾਣਾ ਤੇ ਤੰਗ ਹੋ ਚੁੱਕਿਆ ਸੀ, ਨੂੰ ਲੋਕਾਂ ਦੀ ਮੰਗ ਅਨੁਸਾਰ ਨਵਾਂ ਬਣਾਇਆ ਜਾਵੇਗਾ। ਉਨਾਂ ਦੱਸਿਆ ਕਿ ਪਹਿਲਾ ਪੁੱਲ 3.30 ਮੀਟਰ ਚੌੜਾ ਸੀ ਅਤੇ ਹੁਣ ਨਵਾਂ ਪੁੱਲ ਇਸ ਤੋਂ ਦੁੱਗਣਾ ਭਾਵ 6.30 ਮੀਟਰ ਚੌੜਾ ਬਣਾਇਆ ਜਾਵੇਗਾ। ਉਨਾਂ ਦੱਸਿਆ ਕਿ ਇਸ ਪੁੱਲ ਉਤੇ ਕਰੀਬ 18 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਛੇਤੀ ਹੀ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਉਨਾਂ ਦੱਸਿਆ ਕਿ ਇਸ ਪੁੱਲ ਦੀ ਉਸਾਰੀ ਨਾਲ ਧਰਦਿਉ, ਨੰਗਲੀ, ਦਾਉਦ, ਰਜਧਾਨ, ਪੱਲ੍ਹਾ, ਬੁੱਟਰ ਸਿਵੀਆਂ, ਵਡਾਰਾ ਜੌਹਲ ਅਤੇ ਹੋਰ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਆਵਜਾਈ ਵਿਚ ਵੱਡੀ ਰਾਹਤ ਮਿਲੇਗੀ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਮਹਿਤਾ ਸ. ਗੁਰਵਿੰਦਰ ਸਿੰਘ, ਸਰਪੰਚ ਰਾਣਾ ਸ਼ਾਹ, ਸਰਪੰਚ ਸੋਨੀ, ਸੁਖਦੇਵ ਸਿੰਘ, ਅਜੇ ਗਾਂਧੀ, ਗੁਰਜਿੰਦਰ ਸਿੰਘ, ਬਲਜੀਤ ਕੌਰ ਅਤੇ ਹੋਰ ਮੋਹਤਬਰ ਹਾਜ਼ਰ ਸਨ।