- ਸਰਕਾਰੀ ਜਾਇਦਾਦਾਂ ’ਤੇ ਰਾਜਨੀਤਿਕ ਇਸ਼ਤਿਹਾਰਬਾਜ਼ੀ ਨੂੰ 24 ਘੰਟਿਆਂ ’ਚ ਉਤਾਰਨ ਦੇ ਆਦੇਸ਼ ਜਾਰੀ
- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕ ਸਭਾ ਚੋਣਾਂ ਨੂੰ ਨਿਰਪੱਖ ਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਮੁਕੰਮਲ
ਤਰਨ ਤਾਰਨ, 16 ਮਾਰਚ : ਭਾਰਤੀ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਸਬੰਧੀ ਸਮਾਂ ਸਾਰਨੀ ਜਾਰੀ ਕਰਨ ਦੇ ਨਾਲ ਹੀ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਚੋਣ ਲਈ ਤੁਰੰਤ ਪ੍ਰਭਾਵ ਨਾਲ ਆਦਰਸ਼ ਚੋਣ ਜਾਬਤਾ ਲਾਗੂ ਹੋ ਗਿਆ ਹੈ।ਲੋਕ ਸਭਾ ਹਲਕਾ ਖਡੂਰ ਸਾਹਿਬ ਲਈ 16 ਲੱਖ 51 ਹਜ਼ਾਰ ਤੋਂ ਵੱਧ ਵੋਟਰਾਂ ਵੱਲੋਂ 1974 ਪੋਲਿੰਗ ਬੂਥਾਂ ’ਤੇ ਆਪਣੇ ਵੋਟ ਦੇ ਅਧਿਕਾਰ ਦੀ 01 ਜੂਨ, 2024 ਨੂੰ ਕੀਤੀ ਜਾਵੇਗੀ ਜਦਕਿ ਵੋਟਾਂ ਦੀ ਗਿਣਤੀ 04 ਜੂਨ ਨੂੰ ਹੋਵੇਗੀ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਆਦਰਸ਼ ਚੋਣ ਜ਼ਾਬਤੇ ਨੂੰ ਇੰਨ੍ਹ-ਬਿੰਨ੍ਹ ਲਾਗੂ ਕਰਨਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਸਾਰੇ ਸਹਾਇਕ ਰਿਟਰਨਿੰਗ ਅਫ਼ਸਰਾਂ/ਨੋਡਲ ਅਫ਼ਸਰਾਂ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹਾ ਤੇ ਵਿਧਾਨ ਸਭਾ ਹਲਕਾ ਪੱਧਰ ’ਤੇ ਬਣਾਈਆਂ ਗਈਆਂ ਸਾਰੀਆਂ ਟੀਮਾਂ ਜਿਵੇਂ ਆਦਰਸ਼ ਚੋਣ ਜਾਬਤਾ, ਚੋਣ ਖ਼ਰਚਾ ਨਿਗਰਾਨ, ਨਕਦੀ ਦੇ ਲੈਣ-ਦੇਣ, ਪੇਡ ਨਿਊਜ ਦੀ ਨਜ਼ਰਸਾਨੀ ਲਈ ਐਮ. ਸੀ. ਐਮ. ਸੀ. ਅਤੇ ਸ਼ਿਕਾਇਤ ਨਿਵਾਰਣ ਕਮੇਟੀਆਂ ਨੂੰ ਤੁਰੰਤ ਕਾਰਜਸ਼ੀਲ ਕਰ ਦਿੱਤਾ ਜਾਵੇ। ਉਹਨਾਂ ਸਬੰਧਿਤ ਅਧਿਕਾਰੀਆਂ ਨੰੁ ਆਦੇਸ਼ ਦਿੰਦਿਆਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਵਲੋਂ ਹੋਰਡਿੰਗਜ਼/ਯੂਨੀਪੋਲਜ਼/ਬੈਨਰਾਂ ਆਦਿ ਰਾਹੀਂ ਕੀਤੀ ਗਈ ਇਸ਼ਤਿਹਾਰਬਾਜੀ ਨੂੰ 24 ਘੰਟਿਆਂ ਦੇ ਵਿੱਚ-ਵਿੱਚ ਤੁਰੰਤ ਹਟਵਾ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਚੋਣਾਂ ਦੇ ਐਲਾਨ ਤੋਂ ਤੁਰੰਤ ਬਾਅਦ 24 ਘੰਟਿਆਂ ਵਿੱਚ ਸਰਕਾਰੀ ਜਾਇਦਾਦਾਂ ਤੋਂ ਸਾਰੀਆਂ ਵਾਲ ਪੇਂਟਿੰਗਾਂ, ਪੋਸਟਰ/ਪੇਪਰਜ ਜਾਂ ਹੋਰ ਜਿਵੇਂ ਕਟਆਊਟ/ਹੋਰਡਿੰਗਜ਼/ਬੈਨਰ/ਫਲੈਗਜ਼ ਆਦਿ ਉਤਰਵਾ ਦਿੱਤੇ ਜਾਣ। ਉਨ੍ਹਾਂ ਦੱਸਿਆ ਕਿ ਡੀਫੇਸਮੈਂਟ ਸਬੰਧੀ ਸੀ-ਵਿਜ਼ਲ ਜਾਂ ਹੋਰ ਤਰੀਕੇ ਨਾਲ ਸ਼ਿਕਾਇਤ ਪ੍ਰਾਪਤ ਹੋਣ ਤੋਂ ਬਾਅਦ ਇਸ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ। ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਿੰਗ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਦੀ ਭਾਗੀਦਾਰੀ ਦੀ ਲੋੜ ’ਤੇ ਜ਼ੋਰ ਦਿੰਦਿਆਂ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਚੋਣ ਕਮਿਸ਼ਨ ਵਲੋਂ 70 ਫੀਸਦੀ ਵੋਟਿੰਗ ਦੇ ਨਿਸ਼ਚਿਤ ਕੀਤੇ ਗਏ ਟੀਚੇ ਨੂੰ ਹਾਸਿਲ ਕਰਨ ਲਈ ਸਵੀਪ ਪ੍ਰੋਗਰਾਮ ਤਹਿਤ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਵਾਧਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਚੋਣਾਂ ਸਬੰਧੀ ਵੱਖ-ਵੱਖ ਕੀਤੇ ਜਾਣ ਵਾਲੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਨੋਡਲ ਅਫ਼ਸਰ ਤਾਇਨਾਤ ਕੀਤੇ ਗਏ ਹਨ ਅਤੇ ਉਨਾਂ ਨੂੰ ਆਪਣੀ ਡਿਊਟੀ ਮਿਹਨਤ ਅਤੇ ਲਗਨ ਨਾਲ ਨਿਭਾਉਣੀ ਚਾਹੀਦੀ ਹੈ ਅਤੇ ਇਸ ਵਿੱਚ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਲੋਕ ਸਭਾ ਚੋਣਾਂ ਵਿੱਚ ਵੱਡੇ ਪੱਧਰ ’ਤੇ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਇਹ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਹੈ ਅਤੇ ਇਸ ਵਿੱਚ ਪੂਰੇ ਉਤਸ਼ਾਹ ਨਾਲ ਸ਼ਿਰਕਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕ ਸਭਾ ਚੋਣਾਂ ਨੂੰ ਨਿਰਪੱਖ ਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਅਤੇ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਸਿੱਖਿਅਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।