ਪਠਾਨਕੋਟ, 11 ਅਕਤੂਬਰ 2024 : ਭਾਸ਼ਾ ਵਿਭਾਗ, ਪੰਜਾਬ ਦੀ ਯੋਗ ਰਹਿਨੁਮਾਈ ਹੇਠ ਭਾਸ਼ਾਵਾਂ ਦੇ ਵਿਕਾਸ ਲਈ ਹਰ ਸਾਲ ਭਾਸ਼ਾ ਵਿਭਾਗ, ਪੰਜਾਬ ਵਲੋਂ ਸਰਵੋਤਮ ਪੁਸਤਕਾਂ ਦੇ ਲੇਖਕਾਂ ਨੂੰ ਪੁਰਸਕਾਰ ਦਿੱਤੇ ਜਾਂਦੇ ਹਨ। ਪੰਜਾਬੀ ਭਾਸ਼ਾ ਦੇ ਲੇਖਕਾਂ ਨੂੰ ਪੁਰਸਕਾਰ ਦੇਣ ਦੇ ਨਾਲ ਨਾਲ ਹਿੰਦੀ, ਸੰਸਕ੍ਰਿਤ ਅਤੇ ਉਰਦੂ ਭਾਸ਼ਾਵਾਂ ਦੇ ਵਿਕਾਸ ਲਈ ਵੀ ਪੁਰਸਕਾਰ ਦਿੱਤੇ ਜਾਂਦੇ ਹਨ। ਇਸੇ ਕੜੀ ਤਹਿਤ 2022 ਵਿੱਚ ਛਪੀਆਂ ਹਿੰਦੀ ਪੁਸਤਕਾਂ ਦੇ ਪੁਰਸਕਾਰਾਂ ਦੀ ਘੋਸ਼ਣਾ ਮਾਣਯੋਗ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਜਫ਼ਰ ਜੀ ਵੱਲੋਂ ਕੀਤੀ ਗਈ ਅਤੇ ਹਿੰਦੀ ਭਾਸ਼ਾ ਦੇ 6 ਸਰਵੋਤਮ ਪੁਰਸਕਾਰਾਂ ਵਿੱਚੋਂ 2 ਪੁਰਸਕਾਰ ਜ਼ਿਲ੍ਹਾ ਪਠਾਨਕੋਟ ਦੇ ਸਾਹਿਤਕਾਰਾਂ ਦੀ ਝੋਲੀ ਪਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਦਫ਼ਤਰ, ਪਠਾਨਕੋਟ ਦੇ ਖੋਜ ਅਫ਼ਸਰ ਸ਼੍ਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਭਾਸ਼ਾ ਵਿਭਾਗ ਵੱਲੋਂ ਹਿੰਦੀ ਭਾਸ਼ਾ ਦੇ ਵਿਕਾਸ ਲਈ ਗਿਆਨੀ ਸੰਤ ਸਿੰਘ ਪੁਰਸਕਾਰ (ਕਵਿਤਾ), ਇੰਦਰਨਾਥ ਮਦਾਨ ਪੁਰਸਕਾਰ (ਆਲੋਚਨਾ/ਸੰਪਾਦਨ), ਸੁਦਰਸ਼ਨ ਪੁਰਸਕਾਰ (ਨਾਵਲ/ਕਹਾਣੀ), ਗਿਆਨੀ ਗਿਆਨ ਸਿੰਘ ਪੁਰਸਕਾਰ (ਜੀਵਨੀ/ਸਫ਼ਰਨਾਮਾ), ਮੋਹਨ ਰਾਕੇਸ਼ ਪੁਰਸਕਾਰ (ਨਾਟਕ/ਇਕਾਂਗੀ) ਅਤੇ ਬਾਲ ਸਾਹਿਤ ਪੁਰਸਕਾਰ ਪ੍ਰਦਾਨ ਕੀਤਾ ਜਾਂਦਾ ਹੈ। ਭਾਸ਼ਾ ਵਿਭਾਗ, ਪੰਜਾਬ ਨੂੰ ਇਨ੍ਹਾਂ ਪੁਰਸਕਾਰਾਂ ਲਈ 23 ਪੁਸਤਕਾਂ ਦੀ ਪ੍ਰਾਪਤੀ ਤੋਂ ਬਆਦ ਵਿਸ਼ਾ ਮਾਹਿਰਾਂ ਅਤੇ ਵਿਦਵਾਨਾਂ ਦੁਆਰਾ ਪੜਚੋਲ ਕਰਨ ਉਪਰੰਤ ਜ਼ਿਲ੍ਹਾ ਪਠਾਨਕੋਟ ਦੀ ਝੋਲੀ ਵਿੱਚ ਦੋ ਪੁਰਸਕਾਰ ਪਏ ਹਨ ਜੋ ਜ਼ਿਲ੍ਹਾ ਪਠਾਨਕੋਟ ਲਈ ਬੜੇ ਮਾਣ ਅਤੇ ਸ਼ਾਨ ਵਾਲੀ ਗੱਲ ਹੈ। ਇਨ੍ਹਾਂ ਪੁਰਸਕਾਰਾਂ ਵਿੱਚ ਰਾਕੇਸ਼ ਮੋਹਨ ਪੁਰਸਕਾਰ (ਨਾਟਕ) ਲਈ ਡਾ. ਦਰਸ਼ਨ ਤ੍ਰਿਪਾਠੀ ਜੀ ਦੀ ਪੁਸਤਕ (ਔਰ ਸ਼ਮਾ ਜਲਤੀ ਰਹੀ) ਦੀ ਚੋਣ ਕੀਤੀ ਗਈ ਹੈ ਜਦਕਿ ਸੁਰਦਰਸ਼ਨ ਪੁਰਸਕਾਰ (ਨਾਵਲ/ਕਹਾਣੀ) ਲਈ ਸ਼੍ਰੀ ਯਸ਼ ਪਾਲ ਸ਼ਰਮਾ ਜੀ ਦੀ ਪੁਸਤਕ (ਬਸੰਤੀ ਲੋਟ ਆਈ ਹੈ) ਦੀ ਚੋਣ ਕੀਤੀ ਗਈ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਜਿੱਥੇ ਡਾ. ਦਰਸ਼ਨ ਤ੍ਰਿਪਾਠੀ ਹੁਰਾਂ ਸਾਹਿਤ ਦੀ ਝੋਲੀ ਵਿੱਚ ਸੱਤ ਪੁਸਤਕਾਂ ਪਾਈਆਂ ਹਨ ਉੱਥੇ ਸ਼੍ਰੀ ਯਸ਼ਪਾਲ ਸ਼ਰਮਾ ਜੀ ਨੇ ਲਗਭਗ ਡੇਢ ਦਰਜਨ ਦੇ ਕਰੀਬ ਨਾਵਲ ਸਾਹਿਤ ਪ੍ਰੇਮੀਆਂ ਦੀ ਝੋਲੀ ਪਾ ਕੇ ਸਾਹਿਤ ਸੰਸਾਰ ਵਿੱਚ ਵੱਡਮੁਲਾ ਯੋਗਦਾਨ ਪਾਇਆ ਹੈ। ਉਨ੍ਹਾ ਦੱਸਿਆ ਕਿ ਉਪਰੋਕਤ ਸਾਹਿਤਕਾਰਾਂ ਨੂੰ ਨਵੰਬਰ ਮਹੀਨੇ ਮਨਾਏ ਜਾਣ ਵਾਲੇ ਪੰਜਾਬੀ ਮਾਂਹ ਦੇ ਸਮਾਪਤੀ ਉਤਸਵ ਮੌਕੇ ਭਾਸ਼ਾ ਵਿਭਾਗ, ਪੰਜਾਬ ਪਟਿਆਲਾ ਵਿਖੇ ਸਨਮਾਨਿਤ ਕੀਤਾ ਜਾਵਗੇ। ਇਸ ਮੌਕੇ ਸੰਬੰਧਿਤ ਸਾਹਿਤਕਾਰਾ ਨੂੰ ਖੋਜ ਅਫ਼ਸਰ ਸ਼੍ਰੀ ਰਾਜੇਸ਼ ਕੁਮਾਰ, ਕਲਰਕ ਜੁਗਲ ਕਿਸ਼ੋਰ ਅਤੇ ਕਮਲ ਕਿਸ਼ੋਰ ਦੁਆਰਾ ਵਧਾਈ ਦਿੱਤੀ ਗਈ।