- ਲੋਕਤੰਤਰ ਦੇ ਉਤਸਵ ਵਿੱਚ ਆਪਣਾ ਵੱਧ ਤੋਂ ਵਧ ਯੋਗਦਾਨ ਪਾਉਣ ਲਈ ਹਲਕੇ ਦੇ ਹਰ ਇੱਕ ਵੋਟਰ ਨੂੰ ਕੀਤੀ ਅਪੀਲ
- 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਦਿੱਤੀ ਜਾਵੇਗੀ ਘਰ ਦੇ ਵਿੱਚ ਵੋਟ ਪਾਉਣ ਦੀ ਸਹੂਲਤ
- ਦਿਵਿਆਂਗਜਨ ਵੋਟਰਾਂ ਦਾ ਵੀ ਰੱਖਿਆ ਜਾਵੇਗਾ ਵਿਸ਼ੇਸ਼ ਧਿਆਨ
ਤਰਨ ਤਾਰਨ, 27 ਮਾਰਚ : ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਦੇ ਮੰਤਵ ਨਾਲ ਜ਼ਿਲਾ੍ਹ ਚੋਣ ਦਫਤਰ ਤਰਨਤਾਰਨ ਪੂਰੀ ਤਰਾਂ੍ਹ ਮੁਸਤੈਦ ਹੈ ਅਤੇ ਹਲਕੇ ਵਿੱਚ ਸੁਰੱਖਿਅਤ ਅਤੇ ਸ਼ਾਂਤਮਈ ਚੋਣਾਂ ਨੂੰ ਯਕੀਨੀ ਬਣਾਇਆ ਜਾਵੇਗਾ।ਇਹ ਪ੍ਰਗਟਾਵਾ ਕਰਦਿਆਂ ਜ਼ਿਲਾ੍ਹ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਤੇ ਰਿਟਰਨਿੰਗ ਅਫ਼ਸਰ ਹਲਕਾ ਖਡੂਰ ਸਾਹਿਬ ਸ਼੍ਰੀ ਸੰਦੀਪ ਕੁਮਾਰ ਨੇ ਹਲਕੇ ਦੇ ਹਰ ਇੱਕ ਵੋਟਰ ਨੂੰ ਅਪੀਲ ਕਰਦਿਆਂ ਕਿਹਾ ਉਹ ਲੋਕਤੰਤਰ ਦੇ ਉਤਸਵ ਵਿੱਚ ਆਪਣਾ ਵੱਧ ਤੋਂ ਵਧ ਯੋਗਦਾਨ ਪਾਉਣ। ਜ਼ਿਲਾ੍ਹ ਚੋਣ ਅਫਸਰ, ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਅਜਿਹਾ ਲੋਕ ਸਭਾ ਹਲਕਾ ਹੈ, ਜਿਸ ਦੇ 9 ਵਿਧਾਨ ਸਭਾ ਹਲਕੇ ਸੂਬੇ ਦੇ ਚਾਰ ਜ਼ਿਲ੍ਹਿਆ ਵਿੱਚ ਪੈਂਦੇ ਹਨ। ਉਨਾਂ ਕਿਹਾ ਜ਼ਿਲਾ੍ਹ ਤਰਨਤਾਰਨ ਦੇ 4 ਵਿਧਾਨ ਸਭਾ ਹਲਕੇ (ਤਰਨਤਾਰਨ, ਪੱਟੀ, ਖਡੂਰ ਸਾਹਿਬ ਅਤੇ ਖੇਮਕਰਨ), ਜ਼ਿਲਾ੍ਹ ਅੰਮ੍ਰਿਤਸਰ ਦੇ 2 ਵਿਧਾਨ ਸਭਾ ਹਲਕੇ (ਜੰਡਿਆਲਾ ਗੁਰੂ ਅਤੇ ਬਾਬਾ ਬਕਾਲਾ), ਜ਼ਿਲਾ੍ਹ ਕਪੂਰਥਲਾ ਦੇ 2 ਹਲਕੇ (ਕਪੂਰਥਲਾ ਅਤੇ ਸੁਲਤਾਨਪੁਰ ਲੋਧੀ) ਤੋਂ ਇਲਾਵਾ ਜ਼ਿਲਾ੍ਹ ਫਿਰੋਜ਼ਪੁਰ ਦਾ 1 ਹਲਕਾ (ਜ਼ੀਰਾ) ਸ਼ਾਮਿਲ ਹੈ। ਸ਼੍ਰੀ ਕੁਮਾਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਹਲਕਾ ਖਡੂਰ ਸਾਹਿਬ ਵਿੱਚ ਕੁੱਲ 1,974 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਉਹਨਾਂ ਦੱਸਿਆ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਪੈਂਦੇ 9 ਵਿਧਾਨ ਸਭਾ ਹਲਕਿਆਂ ਕੁੱਲ 16 ਲੱਖ 51 ਹਜ਼ਾਰ 346 ਵੋਟਰ ਹਨ, ਜਿੰਨ੍ਹਾਂ ਵਿੱਚ 868388 ਮਰਦ ਵੋਟਰ ਅਤੇ 782895 ਔਰਤ ਵੋਟਰਾਂ ਤੋਂ ਇਲਾਵਾ 64 ਥਰਡ ਜੈਂਡਰ ਵੋਟਰ ਹਨ। ਹਲਕਾ ਖਡੂਰ ਸਾਹਿਬ ਬਾਰੇ ਅਹਿਮ ਜਾਣਕਾਰੀ ਦਿੰਦਿਆ ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਸੂਬੇ ਭਰ ਦੇ ਵਿੱਚੋਂ 100 ਸਾਲ ਤੋਂ ਵੱਧ ਉਮਰ ਵਾਲੇ ਵੋਟਰ ਹਲਕਾ ਖਡੂਰ ਸਾਹਿਬ ਵਿੱਚ ਹਨ। ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ 85 ਸਾਲ ਤੋਂ ਵੱਧ ਉਮਰ ਦੇ ਬਿਰਧ ਵੋਟਰਾਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ, ਜਿੰਨਾਂ ਨੂੰ ਘਰ ਦੇ ਵਿੱਚ ਵੋਟ ਪਾਉਣ ਦੀ ਸਹੂਲਤ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਜਿਹੜੇ ਬਜ਼ੁਰਗ ਵਿਅਕਤੀ ਪੋਲਿੰਗ ਸਟੇਸ਼ਨ ਵਿੱਚ ਆਉਣ ਵਿੱਚ ਸਮਰੱਥ ਹੋਣਗੇ, ਉਨਾਂ ਨੂੰ ਲੋੜ ਅਨੁਸਾਰ ਪ੍ਰਸ਼ਾਸਨ ਵੱਲੋਂ ਵਾਹਨ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਉਹ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਬਿਨਾਂ ਕਿਸੇ ਦਿੱਕਤ ਦੇ ਕਰ ਸਕਣ। ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਬਜ਼ੁਰਗ ਵੋਟਰਾਂ ਤੋਂ ਇਲਾਵਾ ਦਿਵਿਆਂਗਜਨ ਵੋਟਰਾਂ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।ਉਨਾਂ ਕਿਹਾ ਕਿ ਜਿਹੜੇ ਦਿਵਿਆਂਗ ਵੋਟਰ ਜਿੰਨ੍ਹਾਂ ਕੋਲ 40 ਫੀਸਦੀ ਤੋਂ ਵੱਧ ਦਿਵਿਆਂਗਤਾ ਵਾਲੇ ਸਰਟੀਫਿਕੇਟ ਹਨ, ਉਨ੍ਹਾਂ ਨੂੰ ਵੋਟਿੰਗ ਦੀ ਸਹੂਲਤ ਘਰ ਵਿੱਚ ਦਿੱਤੀ ਜਾਵੇਗੀ ਅਤੇ ਜਿੰਨਾਂ੍ਹ ਕੋਲ 40 ਫੀਸਦੀ ਘੱਟ ਤੋਂ ਸਰਟੀਫਿਕੇਟ ਹੈ, ਉਨ੍ਹਾਂ ਨੂੰ ਜ਼ਿਲਾ੍ਹ ਪ੍ਰਸ਼ਾਸਨ ਵੱਲੋਂ ਵਾਹਨ ਦੀ ਸਹੂਲਤ ਦਿੱਤੀ ਜਾਵੇਗੀ ਤਾਂ ਜੋ ਉਹ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਸਮੇਂ ਸਿਰ ਕਰ ਸਕਣ। ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਚੋਣ ਦਫਤਰ ਵੱਲੋਂ ਹਲਕੇ ਦੇ ਸਾਰੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਵੀ ਸ਼ਨਾਖਤ ਕੀਤੀ ਜਾ ਚੁੱਕੀ ਹੈ ਅਤੇ ਪ੍ਰਸ਼ਾਸਨ ਵੱਲੋਂ ਚੋਣਾਂ ਵਾਲੇ ਦਿਨ ਸਮੂਹ ਪੋਲਿੰਗ ਬੂਥਾਂ ਦੀ ਵੈੱਬਕਾਸਟਿੰਗ ਕੀਤੀ ਜਾਵੇਗੀ ਅਤੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਵੀਡਿਓਗ੍ਰਾਫੀ ਵੀ ਕਰਵਾਈ ਜਾਵੇਗੀ।ਉਨਾਂ ਕਿਹਾ ਕਿ ਹਲਕੇ ਦੇ ਵਿੱਚ ਪੰਜਾਬ ਪੁਲਿਸ ਅਤੇ ਨੀਮ ਫੌਜੀ ਬਲਾਂ ਰਾਹੀਂ ਸੁਰੱਖਿਅਤ ਅਤੇ ਸ਼ਾਂਤਮਈ ਚੋਣਾਂ ਨੂੰ ਯਕੀਨੀ ਬਣਾਇਆ ਜਾਵੇਗਾ। ਜ਼ਿਲਾ੍ਹ ਚੋਣ ਅਧਿਕਾਰੀ ਨੇ ਦੱਸਿਆ ਕਿ ਚੋਣ ਦਫਤਰ ਵੱਲੋਂ ਨੌਜਵਾਨ ਵੋਟਰਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਵਿੱਦਿਅਕ ਸੰਸਥਾਵਾਂ ਵਿੱਚ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਨੂੰ ਵੋਟ ਦੀ ਅਹਿਮੀਅਤ ਬਾਰੇ ਸਮਝਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਆਇਲੈਟਸ ਕੇਂਦਰਾਂ ਵਿੱਚ ਚੋਣ ਅਧਿਕਾਰੀਆਂ ਵੱਲੋਂ ਜਾ ਕੇ ਨੌਜਵਾਨਾਂ ਨੂੰ ਵੋਟ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ।ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਲੇਬਰ ਵਿਭਾਗ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆ ਕਿ ਉਹ ਮਗਨਰੇਗਾ ਅਤੇ ਦਿਹਾੜੀਦਾਰ ਮਜ਼ਦੂਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਸਬੰਧੀ ਜਾਗਰੂਕ ਕਰਨ ਅਤੇ ਇਸ ਗੱਲ ਨੂੰ ਯਕੀਨੀ ਬਣਾਉਣ ਕੇ ਕੋਈ ਵੀ ਮਜ਼ਦੂਰ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ। ਸ਼੍ਰੀ ਸੰਦੀਪ ਕੁਮਾਰ ਨੇ ਹਲਕੇ ਦੇ ਹਰ ਇੱਕ ਵੋਟਰ ਨੂੰ ਸੀ-ਵਿਜ਼ਿਲ ਐਪਲੀਕੇਸ਼ਨ ਡਾਊਨਲੋਡ ਕਰਨ ਦੀ ਅਪੀਲ ਕੀਤੀ।ਉਨਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀ ਸੀ-ਵਿਜ਼ਲ ਐਪਲੀਕੇਸ਼ਨ ਐਨਡਰੋਇਡ ਅਤੇ ਆਈ. ਓ. ਅੱੈਸ. ਮੋਬਾਇਲ ਫੋਨ ‘ਤੇ ਡਾਊਨਲੋਡ ਕੀਤੀ ਜਾ ਸਕਦੀ ਹੈ।ਉਨਾਂ ਕਿਹਾ ਕਿ ਸੀ-ਵਿਜ਼ਲ ਐਪ ਰਾਹੀਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਬਾਰੇ ਸੂਝਵਾਨ ਵੋਟਰ ਜ਼ਿਲਾ੍ਹ ਚੋਣ ਦਫਤਰ ਨੂੰ ਫੋਟੋ ਜਾਂ ਫਿਰ ਵੀਡੀਓ ਅੱਪਲੋਡ ਕਰਕੇ ਸ਼ਿਕਾਇਤ ਦੇ ਸਕਦੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 100 ਮਿੰਟਾਂ ਦੇ ਅੰਦਰ ਪ੍ਰਾਪਤ ਸ਼ਿਕਾਇਤ ਦਾ ਹੱਲ ਕਰਕੇ ਸ਼ਿਕਾਇਤ ਕਰਤਾ ਨੂੰ ਸੂਚਿਤ ਕੀਤਾ ਜਾਵੇਗਾ।