- ਗੁਆਂਢੀ ਜ਼ਿਲ੍ਹਿਆਂ ਅਤੇ ਸਰਹੱਦੀ ਇਲਾਕਿਆਂ ਵਿੱਚ ਪੂਰੀ ਚੌਕਸੀ ਰੱਖਣ ਲਈ ਸਬੰਧਿਤ ਅਧਿਕਾਰੀਆਂ ਨੂੰ ਦਿੱਤੇ ਆਦੇਸ਼
ਤਰਨਤਾਰਨ, 26 ਮਾਰਚ : ਲੋਕ ਸਭਾ ਚੋਣਾਂ-2024 ਨੂੰ ਧਨ ਬਲ ਅਤੇ ਨਸ਼ਿਆਂ ਤੋਂ ਪੂਰੀ ਤਰਾਂ ਮੁਕਤ ਕਰਨ ਲਈ ਚੋਣ ਕਮਿਸ਼ਨ ਵੱਲੋਂ ਸਖਤ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਅੱਜ ਜ਼ਿਲਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਸੰਦੀਪ ਕੁਮਾਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਆਬਕਾਰੀ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਹਦਾਇਤ ਕੀਤੀ ਕਿ ਉਹ ਚੋਣਾਂ ਦੌਰਾਨ ਸ਼ਰਾਬ ਦੇ ਪਰਵਾਹ ਨੂੰ ਰੋਕਣ ਲਈ ਸਖਤੀ ਨਾਲ ਕਾਰਵਾਈ ਕਰੇ। ਇਸ ਮੌਕੇ ਐੱਸ. ਪੀ. ਹੈੱਡਕੁਆਟਰ ਸ਼੍ਰੀਮਤੀ ਪਰਵਿੰਦਰ ਕੌਰ, ਆਬਕਾਰੀ ਵਿਭਾਗ ਤੋਂ ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਸਮੂਹ ਡੀ. ਐੱਸ. ਪੀਜ਼ ਹਾਜ਼ਰ ਸਨ। ਜ਼ਿਲਾ ਚੋਣ ਅਫ਼ਸਰ ਨੇ ਕਿਹਾ ਕਿ ਜੇਕਰ ਕਿਤੇ ਵੀ ਨਜਾਇਜ਼ ਸ਼ਰਾਬ ਬਰਾਮਦ ਹੁੰਦੀ ਹੈ ਅਤੇ ਉਸਦੇ ਲਿੰਕ ਜ਼ਿਲੇ ਨਾਲ ਜੁੜਦੇ ਹਨ ਤਾਂ ਸਬੰਧਿਤ ਜ਼ਿੰਮੇਵਾਰ ਲੋਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸੇ ਤਰਾਂ ਉਹਨਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਗੁਆਂਢੀ ਜ਼ਿਲਿਆਂ ਅਤੇ ਸਰਹੱਦੀ ਇਲਾਕਿਆਂ ਵਿੱਚ ਪੂਰੀ ਚੌਕਸੀ ਰੱਖੀ ਜਾਵੇ । ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਅੰਤਰ ਜਿਲ਼ਾ ਅਤੇ ਸਰਹੱਦੀ ਖੇਤਰਾਂ ਵਿੱਚ ਆਬਕਾਰੀ ਵਿਭਾਗ ਦੀਆਂ ਟੀਮਾਂ ਵੱਲੋਂ ਵੀ ਨਾਕਾਬੰਦੀ ਕੀਤੀ ਜਾਵੇ। ਜ਼ਿਲੇ ਵਿੱਚ ਸ਼ਰਾਬ ਦੇ ਜੋ ਗੋਦਾਮ ਹਨ ਅਤੇ ਸ਼ਰਾਬ ਦੀ ਜੋ ਅਧਿਕਾਰਿਕ ਤੌਰ ‘ਤੇ ਵਿਕਰੀ ਹੋ ਰਹੀ ਹੈ, ਉਸ ‘ਤੇ ਵੀ ਨੇੜਿਓ ਨਜ਼ਰ ਰੱਖੀ ਜਾਵੇ। ਉਹਨਾਂ ਨੇ ਕਿਹਾ ਕਿ ਨਜਾਇਜ਼ ਸ਼ਰਾਬ ਤਿਆਰ ਕਰਨ ਵਾਲੇ ਲੋਕਾਂ ਖਿਲਾਫ ਕਾਨੂੰਨ ਅਨੁਸਾਰ ਢੁੱਕਵੀ ਕਾਰਵਾਈ ਕੀਤੀ ਜਾਵੇ।
ਜ਼ਿਲਾ ਚੋਣ ਅਫ਼ਸਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਉਹਨਾਂ ਕੋਲ ਕਿਤੇ ਵੀ ਨਜਾਇਜ਼ ਸ਼ਰਾਬ ਸਬੰਧੀ ਕੋਈ ਸੂਚਨਾ ਹੋਵੇ ਤਾਂ ਉਹ ਪੁਲਿਸ ਵਿਭਾਗ ਜਾਂ ਆਬਕਾਰੀ ਵਿਭਾਗ ਨੂੰ ਸੂਚਨਾ ਦੇਣ। ਉਹਨਾਂ ਨੇ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਇਸੇ ਤਰਾਂ ਜੇਕਰ ਕਿਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸ਼ਰਾਬ ਜਾਂ ਕੋਈ ਹੋਰ ਨਸ਼ਾ ਵੰਡਿਆਂ ਜਾ ਰਿਹਾ ਹੋਵੇ ਤਾਂ ਇਸਦੀ ਸੂਚਨਾ ਵੀ ਤੁਰੰਤ ਦਿੱਤੀ ਜਾਵੇ। ਉਨਾਂ ਕਿਹਾ ਕਿ ਵੋਟਰ ਸੀ-ਵਿਜ਼ਲ ਐਪ ਰਾਹੀਂ ਵੀ ਇਸਦੀ ਸੂਚਨਾ ਦੇ ਸਕਦੇ ਹਨ। ਸੀ- ਵਿਜ਼ਲ ਐਪ ਰਾਹੀਂ ਪ੍ਰਾਪਤ ਸ਼ਿਕਾਇਤ ‘ਤੇ 100 ਮਿੰਟ ਵਿਚ ਕਾਰਵਾਈ ਕੀਤੀ ਜਾਣੀ ਯਕੀਨੀ ਬਣਾਈ ਜਾਂਦੀ ਹੈ।