
ਅਜਨਾਲਾ 21 ਫਰਵਰੀ 2025 : ਕੁਝ ਮਹੀਨੇ ਪਹਿਲਾਂ ਇੱਥੋਂ ਨੇੜਲੇ ਪਿੰਡ ਅੰਬ ਕੋਟਲੀ ਦੇ ਇੱਕ ਪਰਿਵਾਰ ਵਿੱਚੋਂ ਚਾਰ ਜੀਆਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ , ਦੇ ਪਰਿਵਾਰ ਨੂੰ ਅੱਜ ਕੈਬਨਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਨੇ ਰੈਡ ਕ੍ਰਾਸ ਅੰਮ੍ਰਿਤਸਰ ਵੱਲੋਂ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਦਿੱਤਾ। ਉਹਨਾਂ ਇਸ ਮੌਕੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਕੇਸ ਭੇਜਿਆ ਗਿਆ ਹੈ ਅਤੇ ਛੇਤੀ ਹੀ ਉਹਨਾਂ ਵੱਲੋਂ ਵੀ ਬਣਦੀ ਸਹਾਇਤਾ ਪਰਿਵਾਰ ਨੂੰ ਭੇਜੀ ਜਾਵੇਗੀ। ਦੱਸਣ ਯੋਗ ਹੈ ਕਿ ਹਾਦਸੇ ਉਪਰੰਤ ਸ ਧਾਲੀਵਾਲ ਉਕਤ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਲਈ ਪਹੁੰਚੇ ਸਨ ਅਤੇ ਉਹਨਾਂ ਨੇ ਭਰੋਸਾ ਦਿੱਤਾ ਸੀ ਕਿ ਮੈਂ ਉਕਤ ਪਰਿਵਾਰ ਦੀ ਹੋਣੀ ਨੂੰ ਤਾਂ ਨਹੀਂ ਟਾਲ ਸਕਿਆ ਪਰ ਇਹਨਾਂ ਦੀ ਆਰਥਿਕ ਮਦਦ ਜਰੂਰ ਕਰਾਂਗਾ। ਅੱਜ ਉਹ ਆਪਣਾ ਵਚਨ ਪੂਰਾ ਕਰਨ ਲਈ ਪਿੰਡ ਪਹੁੰਚੇ ਅਤੇ ਪਰਿਵਾਰ ਦੇ ਮੁਖੀ ਨੂੰ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਦਿੱਤਾ। ਸ ਧਾਲੀਵਾਲ ਨੇ ਇਸ ਮੌਕੇ ਪੰਜਾਬ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਸੜਕ ਉੱਤੇ ਚਲਦੇ ਵਕਤ ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਓ ਅਤੇ ਗੱਡੀਆਂ ਦੀ ਸਪੀਡ ਘੱਟ ਰੱਖੋ ਤਾਂ ਜੋ ਕੀਮਤੀ ਜਾਨਾ ਅਜਾਈਂ ਨਾ ਜਾਣ। ਉਹਨਾਂ ਬੜੇ ਦੁੱਖ ਨਾਲ ਕਿਹਾ ਕਿ ਰੋਜ਼ਾਨਾ ਹੀ ਖਬਰਾਂ ਵਿੱਚ ਪੰਜਾਬ ਵਿੱਚ ਹੁੰਦੇ ਹਾਦਸਿਆਂ ਦੀਆਂ ਖਬਰਾਂ ਆਉਂਦੀਆਂ ਹਨ ਜਿਸ ਵਿੱਚ ਕੀਮਤੀ ਜਾਨਾਂ ਜਾ ਰਹੀਆਂ ਹਨ ਅਤੇ ਇਹ ਘਾਟਾ ਕੇਵਲ ਪੀੜਤ ਪਰਿਵਾਰਾਂ ਦਾ ਹੀ ਨਹੀਂ ਹੁੰਦਾ ਬਲਕਿ ਦੇਸ਼ ਦਾ ਘਾਟਾ ਹੈ ਕਿਉਂਕਿ ਜਿੰਨਾ ਜਵਾਨ ਬੱਚਿਆਂ ਨੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਹੁੰਦਾ ਹੈ ਅਕਸਰ ਉਹਨਾਂ ਦੀ ਜਾਨ ਇਹਨਾਂ ਹਾਦਸਿਆਂ ਵਿੱਚ ਜਾ ਰਹੀ ਹੈ, ਜੋ ਕਿ ਬੜੇ ਦੁੱਖ ਦੀ ਗੱਲ ਹੈ।