- ਕੰਟਰੋਲ ਰੂਮ ਦਾ ਕੀਤਾ ਦੌਰਾ
- ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਨਾਲ ਕੀਤੀ ਮੀਟਿੰਗ
ਅੰਮ੍ਰਿਤਸਰ, 28 ਮਾਰਚ : ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ, ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ.ਐਸ.ਪੀ. ਦਿਹਾਤੀ ਸ੍ਰੀ ਸਤਿੰਦਰ ਸਿੰਘ ਨੇ ਪੁਲਿਸ ਅਧਿਕਾਰੀਆਂ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਵਿੱਚ ਆਪਸੀ ਤਾਲਮੇਲ ਨੂੰ ਲੈ ਕੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਜਿਲ੍ਹਾ ਚੋਣ ਅਧਿਕਾਰੀ ਨੇ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਕਿਹਾ ਕਿ ਉਹ ਪੁਲਿਸ ਅਧਿਕਾਰੀਆਂ ਨਾਲ ਆਪਣਾ ਤਾਲਮੇਲ ਬਣਾ ਕੇ ਰੱਖਣ ਅਤੇ ਜੇਕਰ ਕੋਈ ਪੋਲਿੰਗ ਬੂਥ ਵਿੱਚ ਤਬਦੀਲੀ ਆਉਂਦੀ ਹੈ ਤਾਂ ਉਸਦੀ ਸੂਚਨਾ ਆਪਸ ਵਿੱਚ ਸਾਂਝੀ ਕੀਤੀ ਜਾਵੇ। ਸ੍ਰੀ ਥੋਰੀ ਨੇ ਦੱਸਿਆ ਕਿ ਆਦਰਸ਼ ਚੋਣ ਜਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਚੋਣ ਕਮਿਸ਼ਨਰ ਵਲੋਂ ਲਗਾਤਾਰ ਉਪਰਾਲੇ ਜਾਰੀ ਹਨ ਅਤੇ ਇਸੇ ਹੀ ਲੜੀ ਤਹਿਤ ਚੋਣ ਕਮਿਸ਼ਨ ਨੇ ਸੀ ਵਿਜਲ ਨਾਂ ਦੀ ਐਪ ਲਾਂਚ ਕੀਤੀ ਹੈ ਅਤੇ ਇਸ ਐਪ ਰਾਹੀਂ ਕੋਈ ਵੀ ਵਿਅਕਤੀ ਚੋਣ ਜਾਬਤੇ ਦੀ ਉ਼ਲੰਘਣਾ ਸਬੰਧੀ ਸਿ਼ਕਾਇਤ ਦਰਜ਼ ਕਰਵਾ ਸਕਦਾ ਹੈ ਅਤੇ ਦਰਜ਼ ਕਰਵਾਈ ਸਿ਼ਕਾਇਤ ਤੇ 100 ਮਿੰਟ ਦੇ ਅੰਦਰ ਅੰਦਰ ਕਾਰਵਾਈ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਇਹ ਐਪ ਉਸ ਲੋਕੇਸ਼ਨ ਨੂੰ ਆਪਣੇ ਆਪ ਚੁੱਕ ਲੈਂਦੀ ਹੈ, ਜਿਥੇ ਵਿਅਕਤੀ ਸਿ਼ਕਾਇਤ ਕਰ ਰਿਹਾ ਹੈ ਅਤੇ ਕੈਮਰੇ ਨਾਲ ਲਾਇਵ ਫੋਟੋ ਜਾਂ ਸੂਟ ਕਰਕੇ ਅਪਲੋਡ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਇਸ ਐਪ ਤੇ ਸਿਰਫ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸਿ਼ਕਾਇਤ ਭੇਜੀ ਜਾਵੇ। ਜਿਲ੍ਹਾ ਚੋਣ ਅਧਿਕਾਰੀ ਨੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਇਲਾਕੇ ਵਿੱਚ ਲੱਗੇ ਹੋਏ ਨਾਜਾਇਜ ਪੋਸਟਰਾਂ ਤੇ ਬੈਨਰਾਂ ਨੂੰ ਤੁਰੰਤ ਹਟਵਾਉਣ ਅਤੇ ਇਹ ਯਕੀਨੀ ਬਣਾਉਣ ਕਿ ਪ੍ਰਿੰਟਿੰਗ ਪ੍ਰੈਸਾਂ ਵਾਲੇ ਚੋਣਾਂ ਸਬੰਧੀ ਤਿਆਰ ਕੀਤੀ ਗਈ ਸਮੱਗਰੀ ਤੇ ਉਸਦੀ ਗਿਣਤੀ ਅਤੇ ਪ੍ਰਿੰਟਿੰਗ ਪ੍ਰੈਸ ਦਾ ਨਾਮ ਜ਼ਰੂਰ ਪ੍ਰਿੰਟ ਹੋਵੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪੋ ਆਪਣੇ ਇਲਾਕੇ ਅਧੀਨ ਆਉਂਦੇ ਪੋਲਿੰਗ ਅਤੇ ਗਿਣਤੀ ਕੇਂਦਰਾਂ ਦੀ ਜਾਂਚ ਕਰਨ ਤਾਂ ਜੋ ਬਾਅਦ ਵਿੱਚ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਐਸ.ਐਸ.ਪੀ. ਦਿਹਾਤੀ ਸ: ਸਤਿੰਦਰ ਸਿੰਘ ਨੇ ਕਿਹਾ ਕਿ ਸ਼ੱਕੀ ਵਿਅਕਤੀਆਂ ਤੇ ਨਜ਼ਰ ਰੱਖੀ ਜਾਵੇ ਤਾਂ ਜੋ ਉਹ ਕਿਸੇ ਕਿਸਮ ਦੀ ਚੋਣ ਜ਼ਾਬਤੇ ਦੀ ਉਲੰਘਣਾ ਨਾ ਕਰ ਸਕਣ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਮੈਡਮ ਜੋਤੀ ਬਾਲਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਨਿਕਾਸ ਕੁਮਾਰ, ਸਹਾਇਕ ਕਮਿਸ਼ਨਰ ਮੈਡਮ ਗੁਰਸਿਮਰਨ ਕੌਰ ਐਸ.ਡੀ.ਐਮ. ਅੰਮ੍ਰਿਤਸਰ ਸ: ਮਨਕੰਵਲ ਸਿੰਘ ਚਾਹਲ, ਐਸ.ਡੀ.ਐਮ. ਬਾਬਾ ਬਕਾਲਾ ਸ: ਰਵਿੰਦਰ ਸਿੰਘ ਅਰੋੜਾ, ਐਸ.ਡੀ.ਐਮ. ਮਜੀਠਾ ਡਾ. ਹਰਨੂਰ ਕੌਰ ਢਿੱਲੋਂ, ਐਸ.ਡੀ.ਐਮ. ਅਜਨਾਲਾ ਸ: ਅਰਵਿੰਦਰ ਪਾਲ ਸਿੰਘ, ਆਰ.ਟੀ.ਏ ਸ: ਅਰਸ਼ਦੀਪ ਸਿੰਘ ਤੋਂ ਇਲਾਵਾ ਹੋਰ ਪ੍ਰਸਾਸ਼ਨਿਕ ਅਧਿਕਾਰੀ ਤੇ ਪੁਲਿਸ ਅਧਿਕਾਰੀ ਹਾਜ਼ਰ ਸਨ।