- ਚਿਲਡਰਨ ਹੋਮ ਵਿੱਚ ਰਹੇ ਬੱਚਿਆਂ ਨੇ ਪੜ੍ਹ-ਲਿਖ ਕੇ ਚੰਗੇ ਮੁਕਾਮ ਹਾਸਲ ਕੀਤੇ
ਗੁਰਦਾਸਪੁਰ, 3 ਨਵੰਬਰ : ਗੁਰਦਾਸਪੁਰ ਸ਼ਹਿਰ ਦੇ ਜੇਲ ਰੋਡ, ਕੇਂਦਰੀ ਜੇਲ ਗੁਰਦਾਸਪੁਰ ਦੇ ਸਾਹਮਣੇ ਕੋਠੀ ਨੰਬਰ 21, 22 ਅਤੇ 23 ਵਿੱਚ ਚੱਲ ਰਿਹਾ ਚਿਲਡਰਨ ਹੋਮ ਲਵਾਰਿਸ, ਤਿਆਗੇ ਹੋਏ, ਗੁਵਾਚੇ ਅਤੇ ਮਾਂ-ਬਾਪ ਤੋਂ ਵਿਰਵੇਂ ਬੱਚਿਆਂ ਲਈ ਵੱਡਾ ਸਹਾਰਾ ਬਣਿਆ ਹੈ। ਚਿਲਡਰਨ ਹੋਮ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਸੁਮਨਦੀਪ ਕੌਰ ਨੇ ਦੱਸਿਆ ਕਿ 6 ਤੋਂ 18 ਸਾਲ ਦੀ ਉਮਰ ਦੇ ਉਹ ਬੱਚੇ (ਲੜਕੇ) ਜੋ ਲਵਾਰਿਸ, ਤਿਆਗੇ ਹੋਏ, ਗੁਵਾਚੇ, ਮਾਂ-ਬਾਪ ਤੋਂ ਵਿਰਵੇਂ ਹਨ ਉਹ ਚਿਲਡਰਨ ਹੋਮ ਵਿੱਚ ਰਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਉਪਰੋਕਤ ਸ਼੍ਰੇਣੀਆਂ ਵਿੱਚ ਆਉਂਦੇ ਬੱਚਿਆਂ ਨੂੰ ਦੇਖਭਾਲ ਅਤੇ ਸੁਰੱਖਿਆ ਦੀ ਲੋੜ ਹੁੰਦੀ ਹੈ ਅਤੇ ਇਨ੍ਹਾਂ ਬੱਚਿਆਂ ਨੂੰ ਚਿਲਡਰਨ ਹੋਮ ਵਿੱਚ ਰੱਖਣ ਦਾ ਫ਼ੈਸਲਾ ਦੇਣ ਲਈ ਬਾਲ ਭਲਾਈ ਕਮੇਟੀ ਸਮਰੱਥ ਹੈ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਸੁਮਨਦੀਪ ਕੌਰ ਨੇ ਦੱਸਿਆ ਕਿ ਚਿਲਡਰਨ ਹੋਮ (ਲੜਕੇ), ਗੁਰਦਾਸਪੁਰ ਵਿੱਚ ਲੋੜਵੰਦ ਅਤੇ , ਦੇਖਭਾਲ ਅਤੇ ਸੁਰੱਖਿਆ ਦੀ ਲੋੜ ਵਾਲੇ ਬੱਚਿਆਂ ਨੂੰ ਆਸਰਾ, ਭੋਜਨ, ਕੱਪੜੇ, ਸਿੱਖਿਆ, ਵੋਕੇਸ਼ਨਲ ਟਰੇਨਿੰਗ, ਮਨੋਰੰਜਨ, ਮੈਡੀਕਲ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਵੱਖ-ਵੱਖ ਖੇਡ ਗਤੀਵਿਧੀਆਂ ਵਿੱਚ ਵੀ ਚਿਲਡਰਨ ਹੋਮ ਦੇ ਸਹਿਵਾਸੀ ਬੱਚਿਆਂ ਦੀ ਭਾਗੀਦਾਰੀ ਕਰਵਾਈ ਜਾਂਦੀ ਹੈ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਅੱਗੇ ਦੱਸਿਆ ਕਿ ਚਿਲਡਰਨ ਹੋਮ (ਲੜਕੇ), ਗੁਰਦਾਸਪੁਰ ਵਿੱਚ ਦਾਖਲਾ ਲੈਣ ਆਪਣੇ ਬਲਾਕਾਂ ਦੀਆਂ ਆਂਗਣਵਾੜੀ ਵਰਕਰਾਂ, ਜ਼ਿਲ੍ਹਾ ਬਾਲ ਭਲਾਈ ਕਮੇਟੀ, ਗੁਰਦਾਸਪੁਰ ਦੇ ਕਮਰਾ ਨੰਬਰ 514, 515 ਬਲਾਕ-ਬੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ (ਕਮਰਾ ਨੰਬਰ 220 ਬਲਾਕ-ਏ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਗੁਰਦਾਸਪੁਰ (ਕਮਰਾ ਨੰਬਰ 218, ਬਲਾਕ-ਏ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਅਤੇ ਸੁਪਰਡੈਂਟ ਚਿਲਡਰਨ ਹੋਮ (ਲੜਕੇ), ਗੁਰਦਾਸਪੁਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਚਿਲਡਰਨ ਹੋਮ (ਲੜਕੇ), ਗੁਰਦਾਸਪੁਰ ਦੇ ਰਹਿ ਚੁੱਕੇ ਬੱਚਿਆਂ ਨੇ ਸਫ਼ਲਤਾ ਦੀਆਂ ਕਹਾਣੀਆਂ ਵੀ ਲਿਖੀਆਂ ਹਨ। ਉਨ੍ਹਾਂ ਦੱਸਿਆ ਕਿ ਚਿਲਡਰਨ ਹੋਮ ਦੇ ਇੱਕ ਬੱਚੇ ਨੇ ਮਿਤੀ ਸਾਲ 2013 ਨੂੰ ਚਿਲਡਰਨ ਹੋਮ ਵਿੱਚ ਦਾਖਲਾ ਲਿਆ ਸੀ ਅਤੇ ਹੁਣ ਇਹ ਬੱਚਾ ਚਿਲਡਰਨ ਹੋਮ, ਗੁਰਦਾਸਪੁਰ ਵਿੱਚ ਹੀ ਸੇਵਾਵਾਂ ਨਿਭਾ ਰਿਹਾ ਹੈ। ਇਥੇ ਰਿਹਾ ਇੱਕ ਹੋਰ ਬੱਚਾ ਹੁਣ ਪਾਵਰਕਾਮ ਵਿੱਚ ਸਹਾਇਕ ਸਬ ਸਟੇਸ਼ਨ ਅਟੈਂਡੈਂਟ ਵਜੋਂ ਕੰਮ ਕਰ ਰਿਹਾ ਹਾਂ। ਇੱਕ ਬੱਚਾ ਫ਼ੌਜ ਵਿੱਚ ਸਿੱਖ ਰੈਜ਼ੀਮੈਂਟ ਵਿੱਚ ਜੀ.ਡੀ. ਕਾਂਸਟੇਬਲ ਵਜੋਂ ਸੇਵਾਵਾਂ ਨਿਭਾ ਰਿਹਾ ਹੈ। ਇੱਕ ਹੋਰ ਬੱਚਾ ਕਰਨਾਟਕਾ ਵਿੱਚ ਕਰੇਨ ਅਪਰੇਟਰ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚਿਲਡਰਨ ਹੋਮ ਦਾ ਇੱਕ ਹੋਰ ਬੱਚਾ ਚੰਡੀਗੜ੍ਹ ਵਿਖੇ ਨਾਮੀ ਹੋਟਲ ਵਿੱਚ ਸ਼ੈੱਫ ਵਜੋਂ ਕੰਮ ਕਰ ਰਿਹਾ ਹੈ। ਚਿਲਡਰਨ ਹੋਮ ਦੇ ਬੱਚਿਆਂ ਵੱਲੋਂ ਖੇਡਾਂ ਵਿੱਚ ਵੀ ਵਿਸ਼ੇਸ਼ ਰੁਚੀ ਲਈ ਜਾਂਦੀ ਹੈ ਅਤੇ ਇਥੋਂ ਦੇ ਬੱਚਿਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੀ ਹਿੱਸਾ ਲਿਆ ਹੈ।