- ਮੁੱਖ ਮੰਤਰੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਪ੍ਰਸ਼ਾਦ ਵੀ ਛਕਿਆ
ਅੰਮ੍ਰਿਤਸਰ, 28 ਜੂਨ 2024 : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਅੱਜ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ) ਵਿਖੇ ਮੱਥਾ ਟੇਕਿਆ। ਮੁੱਖ ਮੰਤਰੀ ਨੇ ਪੰਗਤ ਬੈਠ ਕੇ ਲੰਗਰ ਛਕਿਆ। ਲੰਗਰ ਦੀ ਸੇਵਾ ਕਰਨ ਉਪਰੰਤ ਕਰੀਬ 15 ਮਿੰਟ ਬਰਤਨਾਂ ਦੀ ਸੇਵਾ ਵੀ ਕੀਤੀ। ਉਨ੍ਹਾਂ ਦੇ ਨਾਲ ਟਰਾਂਸਪੋਰਟ ਰਾਜ ਮੰਤਰੀ ਅਸੀਮ ਗੋਇਲ ਵੀ ਮੌਜੂਦ ਸਨ। ਇਸ ਮੌਕੇ ਗੁਰਦੁਆਰਾ ਕਮੇਟੀ ਵੱਲੋਂ ਮੁੱਖ ਮੰਤਰੀ ਨੂੰ ਸਿਰੋਪਾਓ ਅਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਭੇਟ ਕੀਤੀ ਗਈ। ਬਾਅਦ ਵਿੱਚ ਮੁੱਖ ਮੰਤਰੀ ਨੇ ਅੰਮ੍ਰਿਤਸਰ ਨੇੜੇ ਭਗਵਾਨ ਵਾਲਮੀਕਿ ਦੇ ਤੀਰਥ ਅਸਥਾਨ ਰਾਮ ਤੀਰਥ ਮੰਦਰ ਦਾ ਵੀ ਦੌਰਾ ਕੀਤਾ ਅਤੇ ਭਗਵਾਨ ਵਾਲਮੀਕਿ ਦੀ ਮੂਰਤੀ ’ਤੇ ਫੁੱਲ ਮਾਲਾਵਾਂ ਚੜ੍ਹਾਈਆਂ। ਉਨ੍ਹਾਂ ਕਿਹਾ ਕਿ ਇਹ ਭਗਵਾਨ ਵਾਲਮੀਕਿ ਦਾ ਪਵਿੱਤਰ ਸਥਾਨ ਹੈ। ਮਾਤਾ ਸੀਤਾ ਨੇ ਇੱਥੇ ਲਵ-ਕੁਸ਼ ਨੂੰ ਸਿੱਖਿਆ ਦਿੱਤੀ। ਪਵਿੱਤਰ ਗ੍ਰੰਥ ਰਾਮਾਇਣ ਦੀ ਰਚਨਾ ਭਗਵਾਨ ਵਾਲਮੀਕਿ ਦੁਆਰਾ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਇੱਥੇ ਮੱਥਾ ਟੇਕਦੇ ਹਨ ਅਤੇ ਭਗਵਾਨ ਵਾਲਮੀਕਿ ਦਾ ਆਸ਼ੀਰਵਾਦ ਲੈਂਦੇ ਹਨ। ਮੰਦਰ ਕਮੇਟੀ ਵੱਲੋਂ ਮੁੱਖ ਮੰਤਰੀ ਨੂੰ ਸਿਰੋਪਾਓ ਅਤੇ ਭਗਵਾਨ ਵਾਲਮੀਕਿ ਦੀਆਂ ਤਸਵੀਰਾਂ ਭੇਟ ਕੀਤੀਆਂ ਗਈਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਸਿੱਖ ਗੁਰੂਆਂ ਦੀ ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ ਆ ਕੇ ਬਹੁਤ ਰਾਹਤ ਮਹਿਸੂਸ ਕੀਤੀ ਹੈ, ਇਹ ਪਵਿੱਤਰ ਸਥਾਨ ਹੈ। ਸਾਨੂੰ ਆਪਣੇ ਗੁਰੂਆਂ ਦੀ ਬਾਣੀ ਤੋਂ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਡਟੇ ਰਹਾਂਗੇ। ਉਨ੍ਹਾਂ ਕਿਹਾ ਕਿ ਹਰਿਆਣਾ ਦਾ ਹਰ ਵਿਅਕਤੀ ਸਿਹਤਮੰਦ ਰਹੇ ਅਤੇ ਆਪਣੀ ਜ਼ਿੰਦਗੀ ਵਿਚ ਅੱਗੇ ਵਧੇ, ਇਹੀ ਅਰਦਾਸ ਮੈਂ ਗੁਰੂ ਚਰਨਾਂ ਵਿਚ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਥੇ ਆ ਕੇ ਮੈਨੂੰ ਨਵੀਂ ਊਰਜਾ ਅਤੇ ਤਾਕਤ ਮਿਲੀ ਹੈ। ਗੁਰੂਆਂ ਦੇ ਚਰਨਾਂ ਵਿੱਚ ਮੱਥਾ ਟੇਕਣਾ ਮੇਰੇ ਲਈ ਮਾਣ ਵਾਲੀ ਗੱਲ ਹੈ।