- ਨਗਰ ਪੰਚਾਇਤ ਰਾਹੀਂ ਰੱਖੇ ਜਾਣਗੇ ਚੌਂਕੀਦਾਰ
ਅੰਮ੍ਰਿਤਸਰ 1 ਦਸੰਬਰ : ਪਿਛਲੇ ਦਿਨੀ ਅਜਨਾਲਾ ਸ਼ਹਿਰ ਵਿੱਚ ਤਿੰਨ ਚਾਰ ਦੁਕਾਨਾਂ ਵਿੱਚ ਹੋਈਆਂ ਚੋਰੀਆਂ ਦੇ ਮੱਦੇਨਜ਼ਰ ਅੱਜ ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ਸ਼ਹਿਰ ਦੇ ਦੁਕਾਨਦਾਰ ਭਰਾਵਾਂ ਨੂੰ ਮਿਲੇ ਅਤੇ ਉਨਾਂ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਵਿੱਚ ਪੁਲਿਸ ਦੀ ਗਸ਼ਤ ਵਧਾਈ ਜਾਵੇਗੀ ਅਤੇ ਰਾਤ ਵੇਲੇ ਦਾ ਨਾਕਾ ਵੀ ਲਗਾਇਆ ਜਾਵੇਗਾ। ਉਨਾਂ ਦੁਕਾਨਦਾਰਾਂ ਨੂੰ ਕਿਹਾ ਕਿ ਤੁਹਾਡਾ ਨੁਕਸਾਨ ਸਾਡਾ ਨੁਕਸਾਨ ਹੈ। ਅਸੀਂ ਚਾਹੁਂਦੇ ਹਾਂ ਕਿ ਤੁਹਾਡਾ ਵਪਾਰ ਵਧੇ ਧਾਲੀਵਾਲ ਨੇ ਕਿਹਾ ਕਿ ਅਜਨਾਲਾ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਸੀ.ਸੀ.ਟੀ.ਵੀ. ਕੈਮਰੇ ਜਲਦ ਹੀ ਲਗਵਾ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਨਗਰ ਪੰਚਾਇਤ ਰਾਹੀਂ ਸ਼ਹਿਰ ਵਿੱਚ 5 ਤੋਂ 6 ਚੋਂਕੀਦਾਰਾਂ ਦੀ ਭਰਤੀ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਬਾਰਡਰ ਏਰੀਆ ਹੋਣ ਕਰਕੇ ਇਥੇ ਕੁੱਝ ਮਾੜੇ ਅਨਸਰ ਇਹ ਕੰਮ ਕਰ ਰਹੇ ਹਨ। ਜਿਨ੍ਹਾਂ ’ਤੇ ਜਲਦੀ ਹੀ ਨਕੇਲ ਕੱਸੀ ਜਾਵੇਗੀ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਇਹੋ ਜਿਹੀ ਮੰਦ ਭਾਗੀ ਘਟਨਾਵਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰੇਗੀ ਅਤੇ ਨਸ਼ੇ ਦੇ ਕਾਰੋਬਾਰੀਆਂ ਦੇ ਖਿਲਾਫ਼ ਸਾਡੀ ਮੁਹਿੰਮ ਜਾਰੀ ਹੈ। ਧਾਲੀਵਾਲ ਨੇ ਦੱਸਿਆ ਕਿ ਫਤਿਹਗੜ੍ਹ-ਰਮਦਾਸ ਦੀ ਸੜ੍ਹਕ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਜਿਸਨੂੰ ਕਿ 55 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ। ਉਨਾਂ ਕਿਹਾ ਕਿ ਚੋਗਾਵਾਂ ਸੜ੍ਹਕ ਦੇ ਕੰਮ ਦੇ ਟੈਂਡਰ ਵੀ ਲੱਗ ਚੁੱਕੇ ਹਨ ਅਤੇ ਇਸ ਸੜ੍ਹਕ ਦਾ ਕੰਮ ਮਾਰਚ ਮਹੀਨੇ ਵਿੱਚ ਸ਼ੁਰੂ ਹੋ ਜਾਵੇਗਾ। ਸ: ਧਾਲੀਵਾਲ ਨੇ ਕਿਹਾ ਕਿ ਸਾਡੀ ਰਾਜਨੀਤੀ ਵਿਕਾਸ ਦੀ ਰਾਜਨੀਤੀ ਹੈ ਅਤੇ ਅਸੀਂ ਗੰਦੀ ਰਾਜਨੀਤੀ ਤੋਂ ਉਪਰ ਉੱਠ ਕੇ ਬਿਨਾਂ ਕਿਸੇ ਵਿੱਤਕਰੇ ਦੇ ਸਾਰੇ ਖੇਤਰਾਂ ਦਾ ਵਿਕਾਸ ਕਰਨ ਲਈ ਵਚਨਬੱਧ ਹਾਂ। ਉਨਾਂ ਕਿਹਾ ਕਿ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਂਠ ਹੈ ਅਤੇ ਸੂਬੇ ਭਰ ਵਿੱਚ ਮਾੜੇ ਅਨਸਰਾਂ ਵਿਰੁੱਧ ਵਿਆਪਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਨਗਰ ਪੰਚਾਇਤੀ ਦੇ ਪ੍ਰਧਾਨ ਸ: ਜਸਪਾਲ ਸਿੰਘ ਢਿਲੋਂ, ਸ: ਜਸਵਿੰਦਰ ਸਿੰਘ ਛੀਨਾ, ਸ੍ਰੀ ਰਮੇਸ਼ ਮਹਾਜਨ , ਸ੍ਰੀ ਅਵਤਾਰ ਸਿੰਘ ਟੀਟੂ, ਸ੍ਰੀ ਸੁਰਿੰਦਰ ਕੁਮਾਰ ਅਤੇ ਸ: ਰਛਪਾਲ ਸਿੰਘ ਵੀ ਹਾਜ਼ਰ ਸਨ।