
ਅੰਮ੍ਰਿਤਸਰ, 23 ਫਰਵਰੀ 2025 : ਦਿੱਲੀ ਚੋਣਾਂ ‘ਚ ਜਿੱਤ ਅਤੇ ਕੈਬਨਿਟ ਮੰਤਰੀ ਬਣ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਅੱਜ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਤੇ ਸੁਕਰਾਨਾ ਕਰਨ ਲਈ ਪੁੱਜੇ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਭਾਜਪਾ ਇੱਕਲਿਆ ਲੜੇਗੀ ਅਤੇ ਵੱਡੀ ਜੇਤੂ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਹੋਰ ਵੀ ਵਧੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਪਾਰਟੀ ਪੰਜਾਬ ਦੇ ਲੋਕਾਂ ਦੇ ਵਿਸ਼ਵਾਸ ਨੂੰ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਨਾਲ ਹੀ ਉਨ੍ਹਾਂ ਨੇ ਪੰਜਾਬ ਵਿੱਚ ਭਾਜਪਾ ਦੇ ਵਿਕਾਸ ਦੀ ਰਣਨੀਤੀ ਬਾਰੇ ਵੀ ਸਪੱਸ਼ਟ ਕੀਤਾ। ਕੈਬਨਿਟ ਮੰਤਰੀ ਸਿਰਸਾ ਨੇ ਕਿਹਾ ਪੰਜਾਬ ਵਿੱਚ ਭਾਜਪਾ ਦੀ ਸਥਿਤੀ ਹਰ ਦਿਨ ਮਜ਼ਬੂਤ ਹੋ ਰਹੀ ਹੈ। ਅਸੀਂ 2027 ਦੀਆਂ ਚੋਣਾਂ ਵਿੱਚ ਕਿਸੇ ਵੀ ਪਾਰਟੀ ਨਾਲ ਗਠਜੋੜ ਕਰਨ ਦੀ ਯੋਜਨਾ ਨਹੀਂ ਰੱਖਦੇ। ਅਸੀਂ ਇਕੱਲੇ ਆਪਣੇ ਬਲਬੂਤੇ 'ਤੇ ਚੋਣ ਲੜਾਂਗੇ ਅਤੇ ਪੰਜਾਬ ਦੇ ਲੋਕਾਂ ਦਾ ਭਰੋਸਾ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਇਸ ਤੋਂ ਇਲਾਵਾ, ਸਿਰਸਾ ਨੇ ਪੰਜਾਬ ਵਿੱਚ ਭਾਜਪਾ ਦੇ ਵਿਕਾਸ ਬਾਰੇ ਵੀ ਵਿਸਤਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਪਾਰਟੀ ਪੰਜਾਬ ਦੇ ਹਰ ਖੇਤਰ ਵਿੱਚ ਆਪਣੀ ਮੌਜੂਦਗੀ ਮਜ਼ਬੂਤ ਕਰ ਰਹੀ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪ੍ਰਤੀਬੱਧ ਹੈ। ਇਹ ਬਿਆਨ ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਮੋੜ ਲੈ ਕੇ ਆਇਆ ਹੈ, ਕਿਉਂਕਿ ਭਾਜਪਾ ਨੇ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਵਿੱਚ ਆਪਣੀ ਮੌਜੂਦਗੀ ਨੂੰ ਵਧਾਉਣ ਲਈ ਕਈ ਕਦਮ ਚੁੱਕੇ ਹਨ। ਪਾਰਟੀ ਦਾ ਇਹ ਫੈਸਲਾ ਆਉਣ ਵਾਲੀਆਂ ਚੋਣਾਂ ਵਿੱਚ ਰਾਜਨੀਤਕ ਗਠਜੋੜਾਂ ਦੇ ਪ੍ਰਭਾਵ ਨੂੰ ਲੈ ਕੇ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪੰਜਾਬ ਵਿੱਚ ਭਾਜਪਾ ਦੀ ਇਹ ਰਣਨੀਤੀ ਕਿਸ ਹੱਦ ਤੱਕ ਸਫਲ ਹੁੰਦੀ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਇਹ ਸਪੱਸ਼ਟ ਹੈ ਕਿ ਭਾਜਪਾ ਪੰਜਾਬ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਗੰਭੀਰ ਹੈ। ਕੈਬਨਿਟ ਮੰਤਰੀ ਸਿਰਸਾ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਭਾਜਪਾ ਨੂੰ ਵੱਡਾ ਸਮਰਥਨ ਦਿੱਤਾ ਹੈ, ਕਿਉਂਕਿ ਉਹ ਆਮ ਆਦਮੀ ਪਾਰਟੀ (ਆਪ) ਤੋਂ ਨਿਰਾਸ਼ ਹੋ ਚੁੱਕੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਆਪ ਨੇ ਪਿਛਲੇ 12 ਸਾਲਾਂ ਵਿੱਚ ਦਿੱਲੀ ਵਿੱਚ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਆਪ ਸਰਕਾਰ ਨੇ ਪੰਜਾਬੀ ਟੀਚਰਾਂ ਦੀ ਭਰਤੀ ਰੋਕੀ, ਪੰਜਾਬੀ ਸਟੈਨੋਆਂ ਨੂੰ ਹਟਾਇਆ ਅਤੇ ਦਿੱਲੀ ਦੇ ਸਕੂਲਾਂ ਵਿੱਚ ਪੰਜਾਬੀ ਨੂੰ ਆਪਸ਼ਨਲ ਬਣਾ ਦਿੱਤਾ, ਜਦਕਿ ਇਹ ਪਹਿਲਾਂ ਕੰਪਲਸਰੀ ਸੀ। ਸਿਰਸਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਜੋ ਕੁਝ ਕਰ ਰਹੇ ਹਨ, ਉਹੀ ਪੰਜਾਬ ਵਿੱਚ ਵੀ ਕਰਨਾ ਚਾਹੁੰਦੇ ਹਨ, ਪਰ ਪੰਜਾਬ ਦੇ ਬਹਾਦਰ ਸਿੱਖ ਇਸ ਦੀ ਇਜਾਜ਼ਤ ਨਹੀਂ ਦੇਣਗੇ। ਕੈਬਨਿਟ ਮੰਤਰੀ ਸਿਰਸਾ ਨੇ ਕੇਜਰੀਵਾਲ ਦੇ ਘਰ ਸੀਸ ਮਹਿਲ ਬਾਰੇ ਵੀ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ ਕਿ ਸੀਸ ਮਹਿਲ ਵਿੱਚ ਹੁਣ ਸਿਰਫ਼ ਕੇਜਰੀਵਾਲ ਦੀਆਂ ਯਾਦਾਂ ਹੀ ਨਜ਼ਰ ਆਉਣਗੀਆਂ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਸ ਲਗਜ਼ਰੀ ਇਮਾਰਤ ਨੂੰ ਮਿਊਜ਼ੀਅਮ ਵਿੱਚ ਤਬਦੀਲ ਕੀਤਾ ਜਾਵੇ, ਕਿਉਂਕਿ ਇੱਥੇ ਆਮ ਲੋਕਾਂ ਦਾ ਰਹਿਣਾ ਮੁਸ਼ਕਿਲ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਬੋਲਦਿਆਂ ਸਿਰਸਾ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਦੇ ਲੋਕਾਂ ਨੂੰ ਸੁਰੱਖਿਆ ਦੇਣ ਤੋਂ ਇਲਾਵਾ ਹੋਰ ਕੋਈ ਵੀ ਕੰਮ ਨਹੀਂ ਕੀਤਾ। ਉਨ੍ਹਾਂ ਨੇ ਆਪ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੰਤਰੀਆਂ ਨੂੰ ਵਿਭਾਗ ਵੰਡਣ ਦਾ ਵੀ ਪਤਾ ਨਹੀਂ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜੋ ਵਿਭਾਗ ਮੌਜੂਦ ਹੀ ਨਹੀਂ ਸਨ, ਉਹ ਵੀ ਮੰਤਰੀਆਂ ਨੂੰ ਦਿੱਤੇ ਗਏ। ਅਮਰੀਕਾ ਵਿੱਚ ਡੋਂਕੀ ਲਗਾਉਣ ਵਾਲੇ ਏਜੰਟਾਂ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸਿਰਸਾ ਨੇ ਕਿਹਾ ਕਿ ਇਸ ਬਾਰੇ ਉਹ ਕੁਝ ਨਹੀਂ ਕਹਿਣਾ ਚਾਹੁੰਦੇ, ਪਰ ਇਹਨਾਂ ਏਜੰਟਾਂ ਵਿੱਚੋਂ ਜ਼ਿਆਦਾਤਰ ਆਪ ਨਾਲ ਜੁੜੇ ਹੋਏ ਹਨ।