
ਅੰਮ੍ਰਿਤਸਰ, 31 ਜਨਵਰੀ 2025 : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵਿਦੇਸ਼ ਅਧਾਰਿਤ ਜੀਵਨ ਫੌਜੀ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਭਾਰੀ ਮਾਤਰਾ ‘ਚ ਹਥਿਆਰਾਂ ਅਤੇ ਡਰੱਗ ਮਨੀ ਬਰਾਮਦ ਕੀਤਾ ਹੈ।ਜਾਣਕਾਰੀ ਮੁਤਾਬਕ ਪੁਲਿਸ ਨੇ ਮੁਲਜ਼ਮਾਂ ਤੋਂ ਪੰਜ ਪਿਸਤੌਲ, 10 ਜ਼ਿੰਦਾ ਕਾਰਤੂਸ ਅਤੇ 1,17,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਚਰਨਜੀਤ ਸਿੰਘ ਸੋਹਲ ਦੇ ਮੁਤਾਬਕ ਕਿ ਸੀਆਈਏ ਸਟਾਫ ਨੇ ਰਾਮਤੀਰਥ ਰੋਡ ਧੌਲ ਕਲਾਂ ਮੋੜ ‘ਤੇ ਨਾਕਾਬੰਦੀ ਕੀਤੀ ਅਤੇ ਰਣਜੀਤ ਸਿੰਘ ਉਰਫ਼ ਗਾਨਾ ਅਤੇ ਅਮਨਦੀਪ ਸਿੰਘ ਉਰਫ਼ ਪ੍ਰਿੰਸ ਨੂੰ 30 ਬੋਰ ਪਿਸਤੌਲ, 10 ਜ਼ਿੰਦਾ ਕਾਰਤੂਸ ਅਤੇ 1.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਵਿਰੁੱਧ ਕੰਬੋਹ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਹੈ। ਇਸਦੇ ਨਾਲ ਹੀ ਪੁਲਿਸ ਨੇ ਪਿੰਡ ਮਾਹਵਾ ਤੋਂ ਬਲਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ, ਪੁਲਿਸ ਨੇ ਮੁਲਜ਼ਮ ਕੋਲੋਂਇੱਕ ਮੋਟਰਸਾਈਕਲ, ਦੋ 9 ਐਮਐਮ ਪਿਸਤੌਲ ਅਤੇ ਇੱਕ 30 ਬੋਰ ਪਿਸਤੌਲ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਹੋਰ ਮਾਮਲੇ ‘ਚ ਦੋ ਮੋਬਾਈਲ ਫੋਨਾਂ ਅਤੇ 20,000 ਰੁਪਏ ਦੀ ਨਕਦੀ ਸਮੇਤ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਵਿਰੁੱਧ ਥਾਣਾ ਘਰਿੰਡਾ ਵਿਖੇ ਕੇਸ ਦਰਜ ਕੀਤਾ ਹੈ। ਇਸਤੋਂ ਇਲਾਵਾ ਪੁਲਿਸ ਨੇ 15 ਨਵੰਬਰ 2024 ਨੂੰ ਘਰਿੰਡਾ ਖੇਤਰ ਤੋਂ ਇੱਕ ਛੱਡੀ ਹੋਈ ਫਾਰਚੂਨਰ ਕਾਰ ‘ਚੋਂ ਛੇ ਕਾਰਤੂਸ ਬਰਾਮਦ ਕੀਤੇ ਗਏ ਹਨ। ਉਕਤ ਮਾਮਲੇ ‘ਚ ਪੁਲਿਸ ਨੇ ਹੁਣ ਹਰਵਿੰਦਰ ਸਿੰਘ ਉਰਫ਼ ਚਮਕੌਰ ਸਿੰਘ ਨੂੰ ਖਾਸਾ ਪੁਲ ਤੋਂ 32 ਬੋਰ ਦੇ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਮੁਲਜ਼ਮ ਅਮਨਦੀਪ ਸਿੰਘ ਅਤੇ ਰਣਜੀਤ ਸਿੰਘ ਦੇ ਜੀਵਨ ਫੌਜੀ ਗੈਂਗ ਨਾਲ ਸਿੱਧੇ ਸਬੰਧ ਸਨ।