ਨੌਸ਼ਹਿਰਾ ਪਨੂੰਆਂ ਵਿਖੇ ਪਟਾਕਿਆਂ ਦੀ ਗੈਰ-ਕਾਨੂੰਨੀ ਫੈਕਟਰੀ ਵਿੱਚ ਅੱਗ ਲੱਗਣ ਕਾਰਨ 2 ਝੁਲਸੇ, 1 ਮੌਤ 

ਨੌਸ਼ਹਿਰਾ ਪਨੂੰਆਂ, 6 ਫਰਵਰੀ 2025 : ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਨੌਸ਼ਹਿਰਾ ਪਨੂੰਆਂ ਵਿਖੇ ਘਰ ਵਿੱਚ ਬਣੀ ਪਟਾਕਿਆਂ ਦੀ ਗੈਰ-ਕਾਨੂੰਨੀ ਫੈਕਟਰੀ ਵਿੱਚ ਅੱਗ ਲੱਗਣ ਕਾਰਨ 2 ਝੁਲਸ ਗਏ ਅਤੇ ਇੱਕ ਔਰਤ ਦੀ ਮੌਤ ਹੋ ਗਈ। ਪੰਜਾਬ ਪੁਲਿਸ ਦੀਆਂ ਟੀਮਾਂ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਉੱਤੇ ਪਹੁੰਚ ਗਈਆਂ ਅਤੇ ਅੱਗ ਉੱਤੇ ਕਾਬੂ ਪਾ ਲਿਆ ਗਿਆ। ਇਸ ਸਬੰਧੀ ਸਾਬਕਾ ਸਰਪੰਚ ਹਰਪਾਲ ਸਿੰਘ ਨੇ ਦੱਸਿਆ ਕਿ ਇਹ ਪਟਾਕਾ ਫੈਕਟਰੀ ਨਾਜਾਇਜ਼ ਤਰੀਕੇ ਨਾਲ ਚਲਾਈ ਜਾ ਰਹੀ ਸੀ, ਜਿਸ ਚੱਲਦੇ ਇੱਥੇ ਕਿਸੇ ਤਰਾਂ ਧਮਾਕਾ ਹੋ ਗਿਆ ਅਤੇ ਇੱਥੇ ਕੰਮ ਕਰਦੇ ਕੁਝ ਨੌਜਵਾਨਾਂ ਨੇ ਕੋਠੇ ਤੋਂ ਛਾਲਾ ਮਾਰਕੇ ਆਪਣੀ ਜਾਨ ਬਚਾ ਲਈ ਪਰ ਜਸ਼ਨਪ੍ਰੀਤ ਕੌਰ ਨਾਂਅ ਦੀ ਮਹਿਲਾ ਅਤੇ ਲੜਕਾ ਗੁਰਤਾਜ ਸਿੰਘ ਜੋ ਛਾਲ ਨਹੀਂ ਮਾਰ ਸਕੇ ਉਨ੍ਹਾਂ ਵਿਚੋਂ ਮਹਿਲਾ ਜਸ਼ਨਪ੍ਰੀਤ ਕੌਰ ਦੀ ਮੌਤ ਹੋ ਗਈ ਜਦ ਕਿ 10 ਸਾਲਾਂ ਲੜਕਾ ਗੁਰਤਾਜ ਸਿੰਘ ਝੁਲਸ ਜਾਣ ਕਰਕੇ ਜ਼ਖਮੀ ਹੋ ਗਿਆ ਉਨ੍ਹਾਂ ਕਿਹਾ ਕਿ ਇਸ ਪਟਾਕਿਆਂ ਦੀ ਨਾਜਾਇਜ਼ ਚੱਲ ਰਹੀ ਫੈਕਟਰੀ ਬਾਰੇ ਜ਼ਿਆਦਾ ਕਿਸੇ ਨੂੰ ਜਾਣਕਾਰੀ ਨਹੀਂ ਸੀ ਜੇਕਰ ਹੁੰਦੀ ਤਾਂ ਇਨ੍ਹਾਂ ਖ਼ਿਲਾਫ਼ ਉਹ ਕਾਰਵਾਈ ਦੀ ਮੰਗ ਕਰਦੇ ਅਤੇ ਅਜਿਹਾ ਹਾਦਸਾ ਨਾ ਵਾਪਰਦਾ। ਇਸ ਸੰਬੰਧੀ ਜਸ਼ਨਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਕਲ ਹੀ ਇੱਥੇ ਕੰਮ ਕਰਨ ਗਈ ਸੀ ਅਤੇ ਅੱਜ ਇਹ ਘਟਨਾ ਵਾਪਰ ਗਈ ਉਨ੍ਹਾਂ ਕਿਹਾ ਕਿ ਪਟਾਕੇ ਬਣਾਉਣ ਦਾ ਕੰਮ ਗੁਰਪ੍ਰੀਤ ਸਿੰਘ ਗੋਪੀ ਵਲੋ ਆਪਣੇ ਘਰ ਵਿਚ ਹੀ ਪਿਛਲੇ ਕਰੀਬ 1 ਸਾਲ ਤੋਂ ਕੀਤਾ ਜਾ ਰਿਹਾ ਸੀ, ਅੱਜ ਅਚਾਨਕ ਇੱਥੇ ਧਮਾਕਾ ਹੋ ਗਿਆ ਅਤੇ ਜਸ਼ਨਪ੍ਰੀਤ ਕੌਰ ਮੌਤ ਹੋ ਗਈ। ਜ਼ਖਮੀ ਹੋਏ ਲੜਕੇ ਗੁਰਤਾਜ ਸਿੰਘ ਦੀ ਮਾਂ ਗੀਤਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਵੀ ਅੱਜ ਹੀ ਕੰਮ ਤੇ ਗਿਆ ਸੀ ਅਤੇ ਉਹ ਆਪਣੀ ਮਰਜ਼ੀ ਨਾਲ ਹੀ ਇਸ ਕੰਮ ਗਿਆ ਸੀ, ਜਿਸਦੀ ਉਮਰ 10 ਸਾਲ ਦੇ ਕਰੀਬ ਹੈ। ਚੌਕੀਂ ਇੰਚਾਰਜ ਨੌਸ਼ਹਿਰਾ ਪੰਨੂੰਆਂ ਗੱਜਣ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਲਿਆ, ਉਨ੍ਹਾਂ ਵਲੋਂ ਪੀੜਿਤ ਧਿਰ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ, ਪਰ ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।