
ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਵੀਰਵਾਰ ਨੂੰ ਵੱਡਾ ਐਲਾਨ ਕੀਤਾ ਹੈ। ਇਸ ਐਲਾਨ ਵਿੱਚ ਫੇਸਬੁੱਕ ਦਾ ਨਾਂਅ ਬਦਲ ਕੇ ਮੇਟਾ ਕਰ ਦਿੱਤਾ ਗਿਆ ਹੈ। ਕੰਪਨੀ ਦੇ ਕਨੈਕਟ ਈਵੈਂਟ 'ਚ ਇਸ ਗੱਲ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਫੇਸਬੁੱਕ ਤੋਂ ਟਵਿਟਰ 'ਤੇ ਲਿਖਿਆ ਗਿਆ, ''ਫੇਸਬੁੱਕ ਦਾ ਨਵਾਂ ਨਾਂ ਮੇਟਾ ਹੋਵੇਗਾ। ਮੈਟਾ ਮੇਟਾਵਰਸ ਬਣਾਉਣ 'ਚ ਮਦਦ ਕਰੇਗਾ। ਇੱਕ ਅਜਿਹੀ ਥਾਂ ਜਿੱਥੇ ਅਸੀਂ 3D ਤਕਨਾਲੋਜੀ ਰਾਹੀਂ ਇੱਕ ਦੂਜੇ ਨਾਲ ਜੁੜਾਂਗੇ। ਸਮਾਜਿਕ ਰੁਝੇਵਿਆਂ ਦੇ ਅਗਲੇ ਚੈਪਟਰ ਵਿੱਚ ਤੁਹਾਡਾ ਸੁਆਗਤ ਹੈ।''
ਫੇਸਬੁੱਕ ਵੱਲੋਂ 15 ਸੈਕਿੰਡ ਦੀ ਇੱਕ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਫੇਸਬੁੱਕ ਦਾ ਨਾਂਅ ਬਦਲ ਕੇ ਹੁਣ ਮੇਟਾ ਕਰ ਦਿੱਤਾ ਗਿਆ ਹੈ। ਇਸ ਵੀਡੀਓ 'ਚ ਮੈਟਾ ਦਾ ਲੋਗੋ ਵੀ ਜਾਰੀ ਕੀਤਾ ਗਿਆ ਹੈ। ਮੇਟਾ ਦਾ ਲੋਗੋ ਵਰਟੀਕਲ ਅੱਠ (8) ਦੀ ਤਰਜ਼ 'ਤੇ ਨੀਲੇ ਰੰਗ ਵਿੱਚ ਜਾਰੀ ਕੀਤਾ ਗਿਆ ਹੈ।
ਪਿਛਲੇ ਮਹੀਨੇ ਫੇਸਬੁੱਕ ਨੇ ਆਪਣੀ ਮੇਟਾਵਰਸ ਬਣਾਉਣ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ ਸੀ। ਦੱਸ, ਦਈਏ ਕਿ ਮੈਟਾਵਰਸ ਸ਼ਬਦ ਦੀ ਵਰਤੋਂ ਡਿਜੀਟਲ ਦੁਨੀਆ ਵਿੱਚ ਵਰਚੁਅਲ, ਇੰਟਰਐਕਟਿਵ ਸਪੇਸ ਨੂੰ ਜਾਣਨ ਅਤੇ ਸਮਝਣ ਲਈ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਹ ਵੀ ਦੱਸ ਦੇਈਏ ਕਿ ਮੈਟਾਵਰਸ ਇੱਕ ਵਰਚੁਅਲ ਸੰਸਾਰ ਹੈ ਜਿੱਥੇ ਇੱਕ ਵਿਅਕਤੀ ਮੌਜੂਦ ਹੋ ਸਕਦਾ ਹੈ ਭਾਵੇਂ ਉਹ ਸਰੀਰਕ ਤੌਰ 'ਤੇ ਮੌਜੂਦ ਨਾ ਹੋਵੇ।
ਪਹਿਲਾਂ ਫੇਸਬੁੱਕ ਵਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਸੋਸ਼ਲ ਨੈਟਵਰਕ ਨੂੰ ਮੈਟਾਵਰਸ ਬਣਾਉਣ ਲਈ ਹਜ਼ਾਰਾਂ ਕਰਮਚਾਰੀਆਂ ਦੀ ਜ਼ਰੂਰਤ ਹੋਏਗੀ। ਇਸ ਦੇ ਲਈ ਫੇਸਬੁੱਕ ਨੇ 10,000 ਲੋਕਾਂ ਨੂੰ ਨੌਕਰੀ 'ਤੇ ਰੱਖਣ ਦਾ ਐਲਾਨ ਕੀਤਾ ਗਿਆ ਸੀ। ਨਵੇਂ ਮੈਟਾਵਰਸ ਵਿੱਚ ਫੇਸਬੁੱਕ ਵਰਚੁਅਲ ਅਤੇ ਸੰਸ਼ੋਧਿਤ ਅਸਲੀਅਤ ਦੀ ਵਰਤੋਂ ਕਰੇਗਾ ਅਤੇ ਵਰਚੁਅਲ ਅਨੁਭਵਾਂ ਦਾ ਇੱਕ ਨਵਾਂ ਅਧਿਆਏ ਸ਼ੁਰੂ ਕਰੇਗਾ।
ਫੇਸਬੁੱਕ ਵੱਲੋਂ ਇਹ ਨਾਂ ਅਜਿਹੇ ਸਮੇਂ 'ਚ ਬਦਲਿਆ ਗਿਆ ਹੈ ਜਦੋਂ ਕਈ ਦੇਸ਼ਾਂ 'ਚ ਆਨਲਾਈਨ ਸੁਰੱਖਿਆ, ਭੜਕਾਊ ਸਮੱਗਰੀ 'ਤੇ ਰੋਕ ਨਾ ਲਗਾਉਣ ਨੂੰ ਲੈ ਕੇ ਕੰਪਨੀ ਖਿਲਾਫ ਸਵਾਲ ਉਠਾਏ ਜਾ ਰਹੇ ਹਨ। ਭਾਰਤ ਸਰਕਾਰ ਨੇ ਵੀ ਫੇਸਬੁੱਕ ਨੂੰ ਇੱਕ ਪੱਤਰ ਭੇਜ ਕੇ ਸੋਸ਼ਲ ਮੀਡੀਆ ਕੰਪਨੀ ਦੁਆਰਾ ਵਰਤੇ ਗਏ ਐਲਗੋਰਿਦਮ ਅਤੇ ਪ੍ਰਕਿਰਿਆਵਾਂ ਦੇ ਵੇਰਵੇ ਮੰਗੇ ਹਨ।