ਕਰੀਬ 69 ਸਾਲਾਂ ਬਾਅਦ ਟਾਟਾ ਗਰੁੱਪ ਨੇ ਇੱਕ ਵਾਰ ਫਿਰ ਏਅਰ ਇੰਡੀਆ ਦੀ ਮਲਕੀਅਤ ਹਾਸਲ ਕਰ ਲਈ ਹੈ। ਏਅਰ ਇੰਡੀਆ ਨੂੰ ਵੀਰਵਾਰ ਅਧਿਕਾਰਤ ਤੌਰ 'ਤੇ ਟਾਟਾ ਸਮੂਹ ਨੂੰ ਸੌਂਪ ਦਿੱਤਾ ਗਿਆ। ਟਾਟਾ ਗਰੁੱਪ ਵੱਲੋਂ ਏਅਰ ਇੰਡੀਆ ਨੂੰ ਐਕਵਾਇਰ ਕਰਨ ਦਾ ਰਸਮੀ ਐਲਾਨ ਵੀ ਕੀਤਾ ਗਿਆ ਹੈ। ਹੁਣ ਏਅਰ ਇੰਡੀਆ ਦੀ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ। ਏਅਰ ਇੰਡੀਆ ਦੇ ਜਹਾਜ਼ ਸ਼ੁੱਕਰਵਾਰ ਤੋਂ ਟਾਟਾ ਗਰੁੱਪ ਦੇ ਅਧੀਨ ਉਡਾਣ ਭਰਨਗੇ। ਅਜਿਹੇ 'ਚ ਏਅਰਲਾਈਨਜ਼ ਦੇ ਪਾਇਲਟਾਂ ਨੂੰ ਇਕ ਸਰਕੂਲਰ ਜਾਰੀ ਕੀਤਾ ਗਿਆ ਹੈ ਕਿ ਉਹ ਟੇਕ ਆਫ ਤੋਂ ਪਹਿਲਾਂ ਯਾਤਰੀਆਂ ਦਾ ਖਾਸ ਤਰੀਕੇ ਨਾਲ ਸਵਾਗਤ ਕਰਨ। ਸਰਕੂਲਰ ਮੁਤਾਬਕ, ਹਵਾਈ ਜਹਾਜ਼ ਦੇ ਕਪਤਾਨ ਵਲੋਂ ਫਲਾਈਟ ਵਿੱਚ ਘੋਸ਼ਣਾ ਇਸ ਤਰ੍ਹਾਂ ਕੀਤੀ ਜਾਵੇਗੀ: “ਪਿਆਰੇ ਮਹਿਮਾਨ, ਮੈਂ ਤੁਹਾਡਾ ਕੈਪਟਨ ( ਨਾਮ) ਗੱਲ ਕਰ ਰਿਹਾ ਹਾਂ। ਅੱਜ ਦੀ ਇਤਿਹਾਸਕ ਉਡਾਣ ਵਿੱਚ ਤੁਹਾਡਾ ਸੁਆਗਤ ਹੈ। ਅੱਜ ਦਾ ਦਿਨ ਬਹੁਤ ਖਾਸ ਹੈ ਕਿਉਂਕਿ ਏਅਰ ਇੰਡੀਆ 7 ਦਹਾਕਿਆਂ ਬਾਅਦ ਅਧਿਕਾਰਤ ਤੌਰ 'ਤੇ ਟਾਟਾ ਗਰੁੱਪ ਦਾ ਹਿੱਸਾ ਬਣ ਗਈ ਹੈ। ਅਸੀਂ ਇਸ ਏਅਰ ਇੰਡੀਆ ਫਲਾਈਟ ਅਤੇ ਹਰ ਫਲਾਈਟ 'ਤੇ ਨਵੇਂ ਜੋਸ਼ ਨਾਲ ਤੁਹਾਡੀ ਸੇਵਾ ਕਰਨ ਦੀ ਉਮੀਦ ਕਰਦੇ ਹਾਂ। ਭਵਿੱਖ ਦੀ ਏਅਰ ਇੰਡੀਆ ਵਿੱਚ ਤੁਹਾਡਾ ਸੁਆਗਤ ਹੈ। ਉਮੀਦ ਹੈ ਕਿ ਤੁਹਾਡੀ ਚੰਗੀ ਯਾਤਰਾ ਹੋਵੇਗੀ। ਤੁਹਾਡਾ ਧੰਨਵਾਦ।' ਦੱਸ ਦਈਏ ਕ ਏਅਰ ਇੰਡੀਆ ਦੀ ਸ਼ੁਰੂਆਤ ਟਾਟਾ ਗਰੁੱਪ ਨੇ 1932 ਵਿੱਚ ਕੀਤੀ ਸੀ। ਹਾਲਾਂਕਿ, ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 1953 ਵਿੱਚ ਏਅਰਲਾਈਨ ਦਾ ਰਾਸ਼ਟਰੀਕਰਨ ਕੀਤਾ। ਸਰਕਾਰ ਨੇ ਏਅਰ ਇੰਡੀਆ ਨੂੰ ਟਾਟਾ ਸਮੂਹ ਨੂੰ ਸੌਂਪਣ ਤੋਂ ਪਹਿਲਾਂ ਆਪਣੀ ਸਹਾਇਕ ਕੰਪਨੀ AIAHL ਵਿੱਚ ਰੱਖੇ 61,000 ਕਰੋੜ ਰੁਪਏ ਦੇ ਪੁਰਾਣੇ ਕਰਜ਼ੇ ਅਤੇ ਹੋਰ ਦੇਣਦਾਰੀਆਂ ਦਾ ਨਿਪਟਾਰਾ ਕਰ ਦਿੱਤਾ ਹੈ। ਏਅਰਲਾਈਨ 'ਤੇ 31 ਅਗਸਤ 2021 ਤੱਕ ਕੁੱਲ 61,562 ਕਰੋੜ ਰੁਪਏ ਦਾ ਕਰਜ਼ਾ ਸੀ। ਇਸ ਵਿੱਚੋਂ ਟਾਟਾ ਸਮੂਹ ਨੇ 15,300 ਕਰੋੜ ਰੁਪਏ ਦਾ ਕਰਜ਼ਾ ਆਪਣੇ ਉੱਤੇ ਲਿਆ ਅਤੇ ਬਾਕੀ ਦਾ 75 ਪ੍ਰਤੀਸ਼ਤ ਜਾਂ ਲਗਪਗ 46,000 ਕਰੋੜ ਰੁਪਏ ਇੱਕ ਵਿਸ਼ੇਸ਼ ਉਦੇਸ਼ ਵਾਲੀ ਕੰਪਨੀ ਏਆਈ ਐਸੇਟ ਹੋਲਡਿੰਗ ਲਿਮਟਿਡ (AIAHL) ਨੂੰ ਟਰਾਂਸਫਰ ਕਰ ਦਿੱਤਾ ਗਿਆ।