ਕੀਵ (ਏਪੀ) : ਯੂਕਰੇਨ ਦੀ ਫ਼ੌਜ ਨੇ ਰੂਸ ’ਤੇ ਅੱਧੀ ਰਾਤ ਨੂੰ ਵੱਡਾ ਡ੍ਰੋਨ ਹਮਲਾ ਕੀਤਾ ਹੈ। ਪੂਰੀ ਰਾਤ ਯੂਕਰੇਨ ਡ੍ਰੋਨ ਹਮਲਾ ਕਰਦਾ ਰਿਹਾ ਅਤੇ ਰੂਸ ਉਸਨੂੰ ਨਾਕਾਮ ਕਰਨ ਵਿਚ ਲੱਗਿਆ ਰਿਹਾ। ਇਹ ਦਾਅਵਾ ਖ਼ੁਦ ਮਾਸਕੋ ਵੱਲੋਂ ਕੀਤਾ ਗਿਆ ਹੈ। ਮਾਸਕੋ ਦਾ ਕਹਿਣਾ ਹੈ ਕਿ ਉਸ ਨੇ ਰੂਸੀ ਖੇਤਰ ’ਤੇ ਯੂਕਰੇਨ ਦੇ ਡ੍ਰੋਨ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਦੱਖਣੀ ਅਤੇ ਪੱਛਮੀ ਰੂਸ ਵਿਚ ਖੇਤਰੀ ਅਧਿਕਾਰੀਆਂ ਨੇ ਕਿਹਾ ਕਿ ਹਮਲੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਉਸ ਸਮੇਂ ਰੂਸੀ ਟੀਵੀ ਚੈਨਲਾਂ ਅਤੇ ਰੇਡੀਓ ਸਟੇਸ਼ਨਾਂ ਦੀ ਹੈਕਿੰਗ ਦੇ ਨਾਲ-ਨਾਲ ਸੇਂਟ ਪੀਟਰਸਬਰਗ ਦੇ ਹਵਾਈ ਅੱਡੇ ਨੂੰ ਅਸਥਾਈ ਰੂਪ ਨਾਲ ਬੰਦ ਕਰਨ ਨਾਲ ਇਹ ਸ਼ੱਕ ਪੈਦਾ ਹੋਇਆ ਕਿ ਰੁਕਾਵਟ ਦੇ ਪਿੱਛੇ ਕੀਵ ਦਾ ਹੱਥ ਹੋ ਸਕਦਾ ਹੈ। ਸਥਾਨਕ ਰੂਸੀ ਅਧਿਕਾਰੀਆਂ ਮੁਤਾਬਕ, ਸੋਮਵਾਰ ਦੀ ਰਾਤ ਅਤੇ ਮੰਗਲਵਾਰ ਦੀ ਸਵੇਰੇ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਰੂਸ ਦੇ ਅੰਦਰ ਡ੍ਰੋਨ ਹਮਲਿਆਂ ਦੀ ਝੜੀ ਲੱਗ ਗਈ, ਜਿਸ ਵਿਚ ਇਕ ਡ੍ਰੋਨ ਮਾਸਕੋ ਤੋਂ ਸਿਰਫ਼ 100 ਕਿਲੋਮੀਟਰ ਦੂਰ ਦੁਰਘਟਨਾਗ੍ਰਸਤ ਹੋ ਕੇ ਡਿੱਗ ਗਿਆ। ਰੂਸ ਦੀ ਰਾਜਧਾਨੀ ਮਾਸਕੋ ਦੇ ਗਵਰਨਰ ਆਂਦਰੇਈ ਵੋਰੋਬਯੋਵ ਨੇ ਇਕ ਆਨਲਾਈਨ ਬਿਆਨ ਵਿਚ ਕਿਹਾ ਕਿ ਮਾਸਕੋ ਤੋਂ ਲਗਪਗ 100 ਕਿਲੋਮੀਟਰ ਦੱਖਣ-ਪੂਰਬ ਵਿਚ ਗੁਬਾਸਤੋਵੋ ਪਿੰਡ ਦੇ ਕੋਲ ਇਕ ਡ੍ਰੋਨ ਡਿੱਗ ਗਿਆ। ਵੋਰੋਬਯੋਵ ਨੇ ਕਿਹਾ ਕਿ ਡ੍ਰੋਨ ਨੇ ਕਈ ਨੁਕਸਾਨ ਨਹੀਂ ਪਹੁੰਚਾਇਆ ਹੈ। ਉਨ੍ਹਾਂ ਯੂਕਰੇਨ ਦਾ ਨਾਂ ਨਹੀਂ ਲੈਂਦੇ ਹੋਏ ਕਿਹਾ ਕਿ ਇਹ ਸ਼ਾਇਦ ਮਾਸਕੋ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਹੈ।