ਯੂਕਰੇਨ : ਰੂਸ-ਯੂਕਰੇਨ ਯੁੱਧ ਨੂੰ 9 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਹੁਣ ਵੀ ਦੋਹਾਂ ਦੇਸ਼ਾਂ ਵਿਚਾਲੇ ਭਿਆਨਕ ਬੰਬਾਰੀ ਚੱਲ ਰਹੀ ਹੈ। ਯੂਕਰੇਨ ਅਤੇ ਰੂਸ ਦੋਵੇਂ ਹੀ ਇੱਕ ਦੂਜੇ 'ਤੇ ਜਾਨਲੇਵਾ ਹਮਲੇ ਕਰ ਰਹੇ ਹਨ। ਇਸ ਦੌਰਾਨ ਯੂਕਰੇਨ ਨੇ ਰੂਸ 'ਤੇ ਬਹੁਤ ਹੀ ਸਨਸਨੀਖੇਜ਼ ਦਾਅਵਾ ਕਰਕੇ ਪੂਰੀ ਦੁਨੀਆ ਦੇ ਸਾਹਮਣੇ ਦਹਿਸ਼ਤ ਪੈਦਾ ਕਰ ਦਿੱਤੀ ਹੈ। ਯੂਕਰੇਨ ਦਾ ਇਲਜ਼ਾਮ ਹੈ ਕਿ ਰੂਸ ਨੇ ਉਸ ਦੇ ਦੇਸ਼ ਤੋਂ 11,000 ਤੋਂ ਵੱਧ ਬੱਚਿਆਂ ਨੂੰ ਜ਼ਬਰਦਸਤੀ ਅਗਵਾ ਕੀਤਾ ਹੈ ਜਦਕਿ ਉਹ ਰੂਸ ਨਹੀਂ ਜਾਣਾ ਚਾਹੁੰਦੇ ਸਨ। ਯੂਕਰੇਨ ਦੇ ਪ੍ਰੌਸੀਕਿਊਟਰ ਜਨਰਲ, ਆਂਦਰੇ ਕੋਸਟੀਨ ਨੇ ਵੀ ਇਲਾਜ਼ਮ ਲਾਇਆ ਕਿ ਰੂਸ ਨੇ ਯੁੱਧ ਪ੍ਰਭਾਵਿਤ ਦੇਸ਼ ਵਿੱਚ ਨਾਜ਼ੁਕ ਬੁਨਿਆਦੀ ਢਾਂਚੇ 'ਤੇ ਹਮਲਾ ਕਰਨਾ ਜਾਰੀ ਰੱਖਿਆ ਹੈ। ਇਹ ਨਸਲਕੁਸ਼ੀ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ 11,000 ਯੂਕਰੇਨੀ ਬੱਚਿਆਂ ਨੂੰ ਜ਼ਬਰਦਸਤੀ ਰੂਸ ਭੇਜ ਦਿੱਤਾ ਗਿਆ। ਇੱਕ ਚੋਟੀ ਦੇ ਅਧਿਕਾਰੀ ਨੇ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਦਫ਼ਤਰ 24 ਫਰਵਰੀ ਦੇ ਰੂਸੀ ਹਮਲੇ ਤੋਂ ਬਾਅਦ 49,000 ਤੋਂ ਵੱਧ ਯੁੱਧ ਅਪਰਾਧਾਂ ਦੀ ਜਾਂਚ ਕਰ ਰਿਹਾ ਹੈ। ਉਨ੍ਹਾਂ ਇਸ਼ਾਰਾ ਕੀਤਾ ਕਿ ਰੂਸੀ ਫੌਜ ਦੇ ਕਬਜ਼ੇ ਵਾਲੇ ਹਰ ਯੂਕਰੇਨੀ ਬਸਤੀ ਵਿੱਚ ਵਿਵਹਾਰ ਦਾ ਇਹੀ ਪੈਟਰਨ ਦੇਖਿਆ ਜਾ ਰਿਹਾ ਹੈ। ਰੂਸ ਦੁਆਰਾ ਯੂਕਰੇਨ ਦੇ ਖਿਲਾਫ ਜੰਗ ਛੇੜਨ ਤੋਂ ਬਾਅਦ ਤੋਂ 260 ਲੋਕਾਂ ਨੂੰ ਯੂਕਰੇਨ ਦੀਆਂ ਅਦਾਲਤਾਂ ਦੁਆਰਾ ਯੁੱਧ ਅਪਰਾਧ ਦੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਅਤੇ 13 ਨੂੰ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਐਡਹਾਕ ਟ੍ਰਿਬਿਊਨਲ ਦੀ ਸਥਾਪਨਾ ਦੀ ਮੰਗ ਕੀਤੀ। ਰੂਸੀ ਹਮਲਿਆਂ ਤੋਂ ਬਾਅਦ ਯੂਕਰੇਨ ਵਿੱਚ ਲੱਖਾਂ ਲੋਕ ਸਰਦੀਆਂ ਵਿੱਚ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਹੇ ਹਨ। ਐਤਵਾਰ ਨੂੰ ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ, ਗ੍ਰਹਿ ਦੇ ਪਹਿਲੇ ਉਪ ਮੰਤਰੀ ਯੇਵਗੇਨੀ ਯੇਸੇਨਿਨ ਨੇ ਕਿਹਾ ਕਿ ਰੂਸੀ ਹਮਲਿਆਂ ਨੇ ਹੁਣ ਤੱਕ ਲਗਭਗ 32,000 ਨਾਗਰਿਕ ਸੰਪਤੀਆਂ ਅਤੇ 700 ਤੋਂ ਵੱਧ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ। ਯੇਸੇਨਿਨ ਦੇ ਅਨੁਸਾਰ ਨਾਗਰਿਕ ਜਾਇਦਾਦ ਮੁੱਖ ਤੌਰ 'ਤੇ ਨਿੱਜੀ ਘਰ ਅਤੇ ਰਿਹਾਇਸ਼ੀ ਅਪਾਰਟਮੈਂਟ ਸਨ। ਉਨ੍ਹਾਂ ਕਿਹਾ ਕਿ ਸਿਰਫ 3 ਫੀਸਦ ਹਮਲੇ ਫੌਜੀ ਟਿਕਾਣਿਆਂ 'ਤੇ ਹੋਏ। ਮਹੱਤਵਪੂਰਨ ਬੁਨਿਆਦੀ ਸਹੂਲਤਾਂ ਜਿਵੇਂ ਕਿ ਹਵਾਈ ਖੇਤਰ, ਪੁਲ, ਤੇਲ ਡਿਪੂ, ਪਾਵਰ ਸਟੇਸ਼ਨ ਆਦਿ ਪ੍ਰਭਾਵਿਤ ਹੋਏ ਹਨ। ਮੰਤਰੀ ਨੇ ਇਹ ਵੀ ਦੱਸਿਆ ਕਿ ਸੱਤ ਖੇਤਰਾਂ ਵਿੱਚ ਇਸ ਵੇਲੇ 524 ਬਸਤੀਆਂ ਵਿੱਚ ਬਿਜਲੀ ਸਪਲਾਈ ਦੀ ਸਮੱਸਿਆ ਹੈ।