ਇਸਤਾਂਬੁਲ, 09 ਫਰਵਰੀ : ਤੁਰਕੀ ਅਤੇ ਸੀਰੀਆ 'ਚ ਆਏ 3 ਵੱਡੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਖਬਰਾਂ ਮੁਤਾਬਕ ਦੋਹਾਂ ਦੇਸ਼ਾਂ 'ਚ ਮਰਨ ਵਾਲਿਆਂ ਦੀ ਗਿਣਤੀ 19 ਹਜ਼ਾਰ ਨੂੰ ਪਾਰ ਕਰ ਗਈ ਹੈ। ਜ਼ਖਮੀਆਂ ਦੀ ਗਿਣਤੀ 40 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। WHO ਅਤੇ UN ਸਮੇਤ ਦੁਨੀਆ ਭਰ ਦੇ 70 ਤੋਂ ਵੱਧ ਦੇਸ਼ ਮਦਦ ਲਈ ਅੱਗੇ ਆਏ ਹਨ। ਸਥਾਨਕ ਮੀਡੀਆ ਮੁਤਾਬਕ ਸੀਰੀਆ 'ਚ 3 ਲੱਖ ਲੋਕ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਏ ਹਨ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਮੰਨਿਆ ਹੈ ਕਿ ਸਰਕਾਰ 'ਤੇ ਵੱਧ ਰਹੇ ਲੋਕਾਂ ਦੇ ਗੁੱਸੇ ਦੇ ਵਿਚਕਾਰ, ਭੂਚਾਲ ਪ੍ਰਤੀ ਉਨ੍ਹਾਂ ਦੀ ਸਰਕਾਰ ਦੀ ਸ਼ੁਰੂਆਤੀ ਪ੍ਰਤੀਕਿਰਿਆ ਗਲਤ ਸੀ। ਦਰਅਸਲ, ਭੂਚਾਲ ਤੋਂ ਬਾਅਦ ਕਈ ਇਲਾਕਿਆਂ ਵਿਚ ਲੋਕਾਂ ਨੇ ਬਚਾਅ ਕਰਮਚਾਰੀਆਂ ਦੇ ਦੇਰੀ ਨਾਲ ਪਹੁੰਚਣ ਦੇ ਨਾਲ-ਨਾਲ ਸਮੇਂ 'ਤੇ ਰਾਹਤ ਸਮੱਗਰੀ ਨਾ ਮਿਲਣ ਦੀ ਸ਼ਿਕਾਇਤ ਕੀਤੀ ਸੀ ਅਤੇ ਸਰਕਾਰ 'ਤੇ ਅਣਗਹਿਲੀ ਦਾ ਦੋਸ਼ ਲਗਾਇਆ ਸੀ। ਹਾਲਾਂਕਿ, ਰਾਸ਼ਟਰਪਤੀ ਏਰਦੋਗਨ ਨੇ ਕਿਹਾ ਕਿ ਸਰਕਾਰ ਸਾਰੇ ਲੋਕਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਦੇਸ਼ ਵਿੱਚ ਕੋਈ ਵੀ ਬੇਘਰ ਨਹੀਂ ਰਹੇਗਾ। ਇਸ ਦੌਰਾਨ ਤੁਰਕੀ ਵਿੱਚ ਟਵਿਟਰ ਨੂੰ ਬਲਾਕ ਕਰ ਦਿੱਤਾ ਗਿਆ ਹੈ। ਦਰਅਸਲ ਤੁਰਕੀ ਸਰਕਾਰ ਨੇ ਪਿਛਲੇ ਸਾਲ ਅਕਤੂਬਰ 'ਚ ਸੋਸ਼ਲ ਮੀਡੀਆ 'ਤੇ ਪ੍ਰਚਾਰ ਦੇ ਖਿਲਾਫ ਇਕ ਬਿੱਲ ਪਾਸ ਕੀਤਾ ਸੀ। ਇਸ ਦੇ ਤਹਿਤ ਜੇਕਰ ਸੋਸ਼ਲ ਮੀਡੀਆ ਕੰਪਨੀਆਂ ਤੁਰਕੀ ਨਾਲ ਜੁੜੀ ਗਲਤ ਜਾਣਕਾਰੀ ਨੂੰ ਆਪਣੀ ਸਾਈਟ ਤੋਂ ਨਹੀਂ ਹਟਾਉਂਦੀਆਂ ਤਾਂ ਉਨ੍ਹਾਂ 'ਤੇ ਪਾਬੰਦੀਆਂ ਲਗਾਈਆਂ ਜਾਣਗੀਆਂ। ਦੇਸ਼ 'ਚ ਇਤਰਾਜ਼ਯੋਗ ਪੋਸਟਾਂ ਲਈ ਹੁਣ ਤੱਕ 18 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ 5 ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਤੁਰਕੀ ਨੇ ਪਾਕਿਸਤਾਨੀ ਦੀ ਮੇਜ਼ਬਾਨੀ ਤੋਂ ਕੀਤਾ ਇਨਕਾਰ
ਤੁਰਕੀ ਅਤੇ ਸੀਰੀਆ 'ਚ ਆਏ ਭਿਆਨਕ ਭੂਚਾਲ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਨੇ ਮਦਦ ਦਾ ਹੱਥ ਵਧਾਇਆ ਅਤੇ ਰਾਹਤ ਸਮੱਗਰੀ ਅਤੇ ਬਚਾਅ ਟੀਮਾਂ ਭੇਜੀਆਂ। ਭਾਰਤ ਵੀ 'ਆਪਰੇਸ਼ਨ ਦੋਸਤ' ਤਹਿਤ ਤੁਰਕੀ ਦੇ ਲੋਕਾਂ ਦੀ ਮਦਦ ਕਰਨ 'ਚ ਲੱਗਿਆ ਹੋਇਆ ਹੈ। ਇਸ ਸਭ ਦੇ ਵਿਚਕਾਰ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਆਪਣਾ ਸਮਰਥਨ ਅਤੇ ਇਕਜੁੱਟਤਾ ਦਿਖਾਉਣ ਲਈ ਤੁਰਕੀ ਦੇ ਦੌਰੇ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਮੁਤਾਬਕ ਤੁਰਕੀ ਨੇ ਪਾਕਿਸਤਾਨ ਨੂੰ ਕਰਾਰਾ ਝਟਕਾ ਦਿੰਦੇ ਹੋਏ ਸ਼ਾਹਬਾਜ਼ ਸ਼ਰੀਫ ਦੀ ਮੇਜ਼ਬਾਨੀ ਕਰਨ ਤੋਂ ਸ਼ਰੇਆਮ ਇਨਕਾਰ ਕਰ ਦਿੱਤਾ ਹੈ। ਜਿਸ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ। ਤੁਰਕੀ ਦੇ ਪ੍ਰਧਾਨ ਮੰਤਰੀ ਦੇ ਸਾਬਕਾ ਵਿਸ਼ੇਸ਼ ਸਹਾਇਕ ਆਜ਼ਮ ਜਮੀਲ ਨੇ ਇਕ ਟਵੀਟ ਵਿਚ ਲਿਖਿਆ, ‘ਤੁਰਕੀ ਹੁਣ ਸਿਰਫ਼ ਅਤੇ ਸਿਰਫ਼ ਆਪਣੇ ਦੇਸ਼ ਦੇ ਲੋਕਾਂ ਨੂੰ ਬਚਾਉਣਾ ਅਤੇ ਉਹਨਾਂ ਦੀ ਦੇਖਭਾਲ ਕਰਨਾ ਚਾਹੁੰਦਾ ਹੈ’। ਉਹਨਾਂ ਅਪੀਲ ਕੀਤੀ ਕਿ ਸਿਰਫ਼ ਰਾਹਤ ਸਮੱਗਰੀ ਹੀ ਭੇਜੀ ਜਾਵੇ। ਉਹਨਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਮੇਜ਼ਬਾਨੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦੱਸ ਦਈਏ ਕਿ ਪਾਕਿਸਤਾਨ ਹੁਣ ਤੱਕ ਤੁਰਕੀ ਅਤੇ ਸੀਰੀਆ ਨੂੰ 21 ਟਨ ਤੋਂ ਵੱਧ ਰਾਹਤ ਸਮੱਗਰੀ ਭੇਜ ਚੁੱਕਾ ਹੈ।