ਕਾਂਗੋ, 20 ਮਾਰਚ : ਕਾਂਗੋ ਲੋਕਤੰਤਰੀ ਗਣਰਾਜ ਦੇ ਪੂਰਬੀ ਇਟੂਰੀ ਅਤੇ ਉੱਤਰੀ ਕਿਵੂ ਪ੍ਰਾਂਤਾਂ ਵਿਚ ਸ਼ੱਕੀ ਕੱਟੜਪੰਥੀਆਂ ਨੇ ਹਮਲਿਆਂ ਦੀ ਇਕ ਲੜੀ ਵਿਚ ਘੱਟੋ-ਘੱਟ 22 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਨਿਊਜ਼ ਏਜੰਸੀ ਰਾਇਟਰਜ਼ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਦਰਅਸਲ ਦੇਸ਼ ਦੀ ਫੌਜ ਅਤੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਅਕਾਂ ਦੇ ਵਧਦੇ ਦਖਲ ਦੇ ਬਾਵਜੂਦ ਪੂਰਬੀ ਕਾਂਗੋ ਵਿਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਹਿੰਸਾ ਦੀਆਂ ਇਹ ਤਾਜ਼ਾ ਘਟਨਾਵਾਂ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਇਟੂਰੀ ਸੂਬੇ ਦੇ ਕਈ ਪਿੰਡਾਂ 'ਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਸੀ। ਸਥਾਨਕ ਅਧਿਕਾਰੀਆਂ ਅਤੇ ਸਿਆਸਤਦਾਨਾਂ ਨੇ ਇਸ ਘਟਨਾ ਲਈ ਕੋਡੇਕੋ ਗਰੁੱਪ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਲੁਬੇਰੋ ਖੇਤਰ ਦੇ ਪ੍ਰਸ਼ਾਸਕ ਕਰਨਲ ਐਲਨ ਕਿਵੇਵਾ ਅਨੁਸਾਰ ਅੱਤਵਾਦੀਆਂ ਨੇ ਉੱਤਰੀ ਕਿਵੂ ਵਿਚ ਮਾਉਂਟ ਕਯਾਵੀਰਿਮੂ ਦੇ ਨਗੁਲੀ ਪਿੰਡ ਵਿਚ 10 ਹੋਰ ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ ਤਿੰਨ ਹੋਰ ਨੂੰ ਅਗਵਾ ਕਰ ਲਿਆ। ਕਿਵੇਵਾ ਨੇ ਹਮਲੇ ਲਈ ਪੂਰਬੀ ਕਾਂਗੋ ਸਥਿਤ ਯੂਗਾਂਡਾ ਦੇ ਹਥਿਆਰਬੰਦ ਸਮੂਹ ਅਲਾਈਡ ਡੈਮੋਕਰੇਟਿਕ ਫੋਰਸਿਜ਼ (ਏਡੀਐਫ) ਨੂੰ ਜ਼ਿੰਮੇਵਾਰ ਠਹਿਰਾਇਆ ਹੈ।