- ਜਿਥੇ ਭਾਰਤ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਜਾ ਰਹੀ ਹੈ, ਓਥੇ ਵਿਦੇਸ਼ਾਂ ਵਿਚ ਮਿਲ ਰਿਹਾ ਜਾਗਤ ਜੋਤ ਅਤੇ ਸਦੀਵੀਂ ਗੁਰੂ ਵਜੋਂ ਸਤਿਕਾਰ : ਵਰਲਡ ਸਿੱਖ ਪਾਰਲੀਮੈਂਟ
ਵਾਸ਼ਿੰਗਟਨ, 2 ਫਰਵਰੀ : ਯੂਟਾ ਸਟੇਟ ਦੀ ਸੈਨੇਟ ਅਤੇ ਪ੍ਰਤੀਨਿਧ ਸਦਨ ਨੇ ਇੱਕ ਸਾਂਝਾ ਮਤਾ ਪਾਸ ਕਰਕੇ ਇੱਕ ਵਾਰ ਫਿਰ ਸਿੱਖ ਕੌਮ ਲਈ ਆਪਣੇ ਪਿਆਰ ਅਤੇ ਸਮਰਥਨ ਦਾ ਪ੍ਰਗਟਾਵਾ ਕੀਤਾ ਹੈ। ਪ੍ਰਤੀਨਿਧੀ ਐਂਜੇਲਾ ਰੋਮੇਰੋ ਨੇ ਅਤੇ ਸਟੇਟ ਸੈਨੇਟਰ ਲਜ਼ ਐਸਕਾਮੀਲਾ ਨੇ ਸਿੱਖ ਕੌਮ ਨੂੰ ਉਨ੍ਹਾਂ ਦੇ ਇਤਿਹਾਸ ਅਤੇ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਤ ਕਰਨ ਅਤੇ ਸਮਰਥਨ ਦੇਣ ਵਾਲੇ ਇਸ ਬਿੱਲ (H.J.R. 4) ਨੂੰ ਸਪਾਂਸਰ ਅਤੇ ਪੇਸ਼ ਕੀਤਾ। ਇਹ ਬਿੱਲ ਪ੍ਰਤੀਨਿਧੀ ਸਭਾ (House of Representatives) ਅਤੇ ਸਟੇਟ ਸੈਨੇਟ (State Seenate) ਵਿੱਚ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਬਿੱਲ ਵਿੱਚ ਪੰਜਾਬ ਵਿੱਚ 15ਵੀਂ ਸਦੀ ਵਿੱਚ ਗੁਰੂ ਨਾਨਕ ਸਾਹਿਬ ਦੇ ਸਿੱਖ ਧਰਮ ਦੀ ਸਥਾਪਨਾ ਤੋਂ ਲੈ ਕੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ “ਗੁਰੂ ਗ੍ਰੰਥ ਸਾਹਿਬ” ਨੂੰ ਸਿੱਖਾਂ ਦੇ ਜਾਗਤ-ਜੋਤ ਅਤੇ ਸਦੀਵੀ ਗੁਰੂ ਵਜੋਂ ਸਥਾਪਿਤ ਕਰਨ ਤੱਕ ਸਿੱਖ ਧਰਮ ਦੇ ਇਤਿਹਾਸ ਦਾ ਹਵਾਲਾ ਦਿੱਤਾ ਗਿਆ ਹੈ। ਇਸ ਬਿੱਲ ਵਿੱਚ ਅਮਰੀਕਾ ਵਿੱਚ ਵੱਸਦੇ ਇੱਕ ਮਿਲੀਅਨ ਤੋਂ ਵੱਧ ਸਿੱਖਾਂ ਦੇ ਯੋਗਦਾਨ ਅਤੇ ਸਿੱਖ ਸੰਸਥਾਵਾਂ, ਗੁਰਦੁਆਰਾ ਸਾਹਿਬਾਨ ਦੇ ਕਾਰਜਾਂ ਅਤੇ ਗੁਰੂ ਕੇ ਲੰਗਰ ਦੁਆਰਾ ਮਨੁੱਖਤਾ ਦੀ ਸੇਵਾ ਨੂੰ ਸਲਾਹਿਆ ਗਿਆ ਹੈ। ਕੋਵਿਡ ਮਹਾਂਮਾਰੀ ਦੌਰਾਨ ਲੱਖਾਂ ਲੋਕਾਂ ਨੂੰ ਭੋਜਨ ਤੇ ਹੋਰ ਵਸਤਾਂ ਮੁਹੱਈਆ ਕਰਵਾ ਕੇ ਮਨੁੱਖਤਾ ਦੀ ਸੇਵਾ ਕਰਨ ਲਈ ਸਿੱਖ ਕੌਮ ਦੇ ਯੋਗਦਾਨ ਨੂੰ ਵੀ ਮਾਨਤਾ ਦਿੱਤੀ ਗਈ ਹੈ। ਧਿਆਨ ਯੋਗ ਹੈ ਕਿ ਹਾਲ ਹੀ ਵਿੱਚ ਯੂਟਾ ਸਟੇਟ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਵਿਸ਼ਵ ਸਮਾਨਤਾ ਦਿਵਸ ਵਜੋਂ ਮਾਨਤਾ ਦਿੱਤੀ ਸੀ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਯੂਟਾ ਸਟੇਟ ਸੈਨੇਟ ਅਤੇ ਹਾਊਸ ਆਫ ਰਿਪ੍ਰਜ਼ੈਂਟੇਟਿਵ ਦੇ ਚੁਣੇ ਹੋਏ ਅਧਿਕਾਰੀਆਂ ਦੇ ਨਾਲ-ਨਾਲ ਯੂਟਾ ਸਟੇਟ ਦੇ ਦੋਵੇਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਕਮੇਟੀ ਮੈਂਬਰਾਂ ਤੋਂ ਇਲਾਵਾ ਹਰਜਿੰਦਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ। ਇਹ ਬਿੱਲ ਵਰਲਡ ਸਿੱਖ ਪਾਰਲੀਮੈਂਟ ਦੀਆਂ ਧਾਰਮਿਕ, ਸਿੱਖਿਆ, ਮੀਡੀਆ ਕੌਂਸਲਾਂ ਵੱਲੋਂ ਸਿੱਖ ਕੋਆਰਡੀਨੇਸ਼ਨ ਕਮੇਟੀ (ਯੂਐਸਏ) ਅਤੇ ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਨਾਲ ਪੇਸ਼ ਕੀਤਾ ਗਿਆ ਸੀ। ਇਸ ਸਮੁੱਚੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਅਤੇ ਸਕੱਤਰ ਬੀਬੀ ਹਰਮਨ ਕੌਰ ਨੇ ਭਰਪੂਰ ਯੋਗਦਾਨ ਪਾਇਆ। ਹਿੰਮਤ ਸਿੰਘ ਨੇ ਕਿਹਾ ਕਿ ਸਿੱਖ ਕੌਮ ਨੂੰ ਮਾਨਤਾ ਦੇਣ ਵਾਲੇ ਇਸ ਬਿੱਲ ਨੂੰ ਪਾਸ ਕਰਵਾਉਣ ਲਈ ਯੂਟਾ ਸਟੇਟ ਦੀ ਪ੍ਰਤੀਨਿਧੀ ਸਭਾ ਤੇ ਸੈਨੇਟ ਦੇ ਨਾਲ ਕੰਮ ਕਰਨ ਲਈ ਯੂਟਾ ਸਟੇਟ ਦੇ ਸਿੱਖ ਆਗੂਆਂ ਦੇ ਯਤਨ ਵੀ ਬਹੁਤ ਸ਼ਲਾਘਾਯੋਗ ਹਨ। ਹਰਮਨ ਕੌਰ ਨੇ ਇਸ ਤਰਾਂ ਦੇ ਵੱਡੇ ਉਪਰਾਲੇ ਕਰਨ ਅਤੇ ਕੌਮ ਲਈ ਅਣਥੱਕ ਮਿਹਨਤ ਲਈ ਯੂਟਾ ਸਟੇਟ ਦੀ ਸਮੁੱਚੀ ਸਿੱਖ ਲੀਡਰਸ਼ਿਪ ਅਤੇ ਖਾਸ ਕਰਕੇ ਹਰਜਿੰਦਰ ਸਿੰਘ ਦਾ ਧੰਨਵਾਦ ਕੀਤਾ। ਵਰਲਡ ਸਿੱਖ ਪਾਰਲੀਮੈਂਟ ਦੇ ਸਪੀਕਰ ਜੋਗਾ ਸਿੰਘ ਨੇ ਅਮਰੀਕਾ ਦੇ ਸਿੱਖਾਂ ਨੂੰ ਇਹ ਮਾਨਤਾ ਪ੍ਰਾਪਤ ਕਰਨ ਲਈ ਵਧਾਈ ਦਿੱਤੀ ਅਤੇ ਪੰਥਕ ਕਾਰਜਾਂ ਵਿੱਚ ਹਮੇਸ਼ਾ ਮੋਹਰੀ ਰਹਿਣ ਵਾਲੇ ਅਮੈਰਿਕਾ ਦੇ ਸਿੱਖਾਂ ਦੀ ਸ਼ਲਾਘਾ ਕੀਤੀ। ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾ. ਪ੍ਰਿਤਪਾਲ ਸਿੰਘ ਅਤੇ ਜਸਵੰਤ ਸਿੰਘ ਹੋਠੀ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਭਰੋਸਾ ਦਿਵਾਇਆ ਕਿ ਸਿੱਖ ਕੌਮ ਨਾਲ ਸਬੰਧਤ ਕਿਸੇ ਵੀ ਮੁੱਦੇ ਲਈ ਅਸੀਂ ਕਿਸੇ ਵੀ ਯੋਗਦਾਨ ਜਾਂ ਸਹਿਯੋਗ ਲਈ ਹਮੇਸ਼ਾ ਹਾਜ਼ਰ ਹਾਂ। ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਹਰਜਿੰਦਰ ਸਿੰਘ ਨੇ ਕਿਹਾ ਕਿ ਮੈਂ ਸਿੱਖਾਂ ਦੀਆਂ ਪ੍ਰਾਪਤੀਆਂ ਤੋਂ ਬਹੁਤ ਖੁਸ਼ ਹਾਂ ਅਤੇ ਇਸੇ ਤਰਾਂ ਮਿਲ ਕੇ ਅਸੀਂ ਦੁਨੀਆ ਭਰ ਵਿੱਚ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਬਹੁਤ ਕੰਮ ਕਰ ਸਕਦੇ ਹਾਂ। ਇਸ ਵਿਸ਼ੇਸ਼ ਸਮਾਗਮ ਵਿੱਚ ਹੋਰਨਾ ਤੋਂ ਇਲਾਵਾ ਡਾ. ਤੇਜਪ੍ਰਤਾਪ ਸਿੰਘ, ਗੱਜਣ ਸਿੰਘ, ਦਰਬਾਰਾ ਸਿੰਘ ਗੱਰਚਾ, ਅਮਰੀਕ ਸਿੰਘ, ਜਗਮੋਹਨ ਸਿੰਘ, ਮਨਜੀਤ ਸਿੰਘ, ਲਖਵੀਰ ਸਿੰਘ, ਜਰਮਨਜੀਤ ਸਿੰਘ, ਲਾਲ ਸਿੰਘ, ਅਜੀਤ ਸਿੰਘ, ਬਲਵਿੰਦਰ ਸਿੰਘ ਵੀ ਹਾਜ਼ਰ ਸਨ। ਹਰਮਿੰਦਰ ਸਿੰਘ, ਆਈ ਪੀ ਸਿੰਘ, ਅਤੇ ਬਲਜੀਤ ਸਿੰਘ ਵਿਸ਼ੇਸ਼ ਤੌਰ ’ਤੇ ਨਿਊਯਾਰਕ ਤੋਂ ਪਹੁੰਚੇ ਹੋਏ ਸਨ।