ਫਲੋਰਿਡਾ, 31 ਜਨਵਰੀ : ਅਮਰੀਕਾ ’ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਜਿਹੀਆਂ ਘਟਨਾਵਾਂ ਵੱਖ-ਵੱਖ ਸ਼ਹਿਰਾਂ ਤੋਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਫਲੋਰੀਡਾ ਸ਼ਹਿਰ ’ਚ ਇਸ ਵਾਰ ਕੁਝ ਬਦਮਾਸ਼ਾਂ ਨੇ ਚੱਲਦੀ ਗੱਡੀ ’ਚੋਂ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਨਾਲ 10 ਲੋਕ ਜ਼ਖਮੀ ਹੋ ਗਏ। ਇਹ ਘਟਨਾ ਫਲੋਰੀਡਾ ਦੇ ਲੇਕ ਲੈਂਡ ਇਲਾਕੇ 'ਚ ਸੋਮਵਾਰ ਦੁਪਹਿਰੇ ਵਾਪਰੀ। ਪੁਲਸ ਮੁਖੀ ਸੈਮ ਟੇਲਰ ਮੁਤਾਬਕ ਹਮਲਾਵਰ ਗੂੜ੍ਹੇ ਨੀਲੇ ਰੰਗ ਦੀ ਕਾਰ 'ਚ ਆਏ ਸਨ।ਉਨ੍ਹਾਂ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਗੱਡੀ ਦੀਆਂ ਚਾਰੇ ਖਿੜਕੀਆਂ ਖੋਲ੍ਹ ਦਿੱਤੀਆਂ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਾਣਕਾਰੀ ਮੁਤਾਬਕ ਦੋ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਤੋਂ ਬਾਅਦ ਪੁਲਿਸ ਵਾਹਨ ਦੀ ਭਾਲ ਕਰ ਰਹੀ ਹੈ।ਪੁਲਿਸ ਦਾ ਮੰਨਣਾ ਹੈ ਕਿ ਇਹ ਗੋਲੀਬਾਰੀ ਕੁਝ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ। ਐਮਰਜੈਂਸੀ ਸੇਵਾਵਾਂ ਵੱਲੋਂ ਸਿਰਫ਼ ਤਿੰਨ ਲੋਕਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਦੀ ਉਮਰ 20 ਤੋਂ 35 ਸਾਲ ਦਰਮਿਆਨ ਹੈ। ਹਮਲਾਵਰ ਬਹੁਤ ਤੇਜ਼ ਗੱਡੀ ਚਲਾ ਰਹੇ ਸਨ, ਉਨ੍ਹਾਂ ਨੇ ਘਟਨਾ ਸਥਾਨ 'ਤੇ ਵੀ ਗੱਡੀ ਨਹੀਂ ਰੋਕੀ।