ਅਬੂਜਾ, 13 ਜੁਲਾਈ 2024 : ਅਫ਼ਰੀਕੀ ਦੇਸ਼ ਉੱਤਰੀ-ਮੱਧ ਨਾਈਜੀਰੀਆ ਵਿੱਚ ਸਵੇਰ ਦੀਆਂ ਕਲਾਸਾਂ ਦੌਰਾਨ ਇੱਕ ਦੋ ਮੰਜ਼ਿਲਾ ਸਕੂਲ ਢਹਿ ਗਿਆ, ਜਿਸ ਵਿੱਚ 22 ਵਿਦਿਆਰਥੀਆਂ ਦੀ ਮੌਤ ਹੋ ਗਈ, ਬਚਾਅ ਕਰਮਚਾਰੀਆਂ ਨੇ ਨਾਲ ਮਲਬੇ ਵਿੱਚੋਂ 100 ਤੋਂ ਵੱਧ ਲੋਕਾਂ ਨੂੰ ਕੱਢਣ ਲਈ ਬਚਾਅ ਟੀਮ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਜਿਨ੍ਹਾਂ ਵਿੱਚੋਂ ਬਹੁਤ ਸਾਰੇ 15 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਸਨ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਇਮਾਰਤ ਡਿੱਗਣ ਨਾਲ 154 ਵਿਦਿਆਰਥੀ ਮਲਬੇ ਹੇਠਾਂ ਦੱਬ ਗਏ ਸਨ ਪਰ ਇਨ੍ਹਾਂ 'ਚੋਂ 132 ਨੂੰ ਬਚਾ ਲਿਆ ਗਿਆ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਨਾਈਜੀਰੀਆ ਦੀ ਰਾਸ਼ਟਰੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਬਚਾਅ ਅਤੇ ਸਿਹਤ ਕਰਮਚਾਰੀਆਂ ਦੇ ਨਾਲ-ਨਾਲ ਸੁਰੱਖਿਆ ਬਲਾਂ ਨੂੰ ਹਾਦਸੇ ਵਾਲੀ ਥਾਂ 'ਤੇ ਤਾਇਨਾਤ ਕੀਤਾ। ਨਾਈਜੀਰੀਆ ਦੀ ਸਰਕਾਰ ਨੇ ਤੁਰੰਤ ਡਾਕਟਰੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਹਸਪਤਾਲਾਂ ਨੂੰ ਬਿਨਾਂ ਕਿਸੇ ਦਸਤਾਵੇਜ਼ ਜਾਂ ਭੁਗਤਾਨ ਦੇ ਇਲਾਜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਸਰਕਾਰ ਨੇ ਇਸ ਦਰਦਨਾਕ ਹਾਦਸੇ ਲਈ ਸਕੂਲ ਦੇ ਕਮਜ਼ੋਰ ਢਾਂਚੇ ਅਤੇ ਦਰਿਆ ਦੇ ਕੰਢੇ ਸਥਿਤ ਇਸ ਦੀ ਸਥਿਤੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਫ਼ਰੀਕਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਨਾਈਜੀਰੀਆ ਵਿੱਚ ਇਮਾਰਤਾਂ ਡਿੱਗਣ ਦੀਆਂ ਘਟਨਾਵਾਂ ਆਮ ਹੋ ਰਹੀਆਂ ਹਨ, ਪਿਛਲੇ ਦੋ ਸਾਲਾਂ ਵਿੱਚ ਦਰਜਨ ਤੋਂ ਵੱਧ ਅਜਿਹੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਅਧਿਕਾਰੀ ਅਕਸਰ ਅਜਿਹੀਆਂ ਆਫ਼ਤਾਂ ਨੂੰ ਬਿਲਡਿੰਗ ਸੁਰੱਖਿਆ ਨਿਯਮਾਂ ਨੂੰ ਲਾਗੂ ਕਰਨ ਵਿੱਚ ਅਸਫਲਤਾ ਅਤੇ ਮਾੜੇ ਰੱਖ-ਰਖਾਅ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।