ਲੰਡਨ : ਬਰਤਾਨੀਆ ਦੀ ਲੀਡਰਸ਼ਿਪ ਦੀ ਇਤਿਹਾਸਕ ਦੌੜ 'ਚ ਕੰਜ਼ਰਵੇਟਿਵ ਪਾਰਟੀ ਦਾ ਨਵਾਂ ਆਗੂ ਚੁਣੇ ਰਿਸ਼ੀ ਸੁਨਕ ਨੂੰ ਅੱਜ ਸਮਰਾਟ ਚਾਰਲਸ ਤੀਜੇ ਨੇ ਸਰਕਾਰ ਬਣਾਉਣ ਦਾ ਸੱਦਾ ਦਿੱਤੇ ਜਾਣ ਮਗਰੋਂ ਰਿਸ਼ੀ ਸੁਨਕ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਸੁਨਕ ਮੁਲਾਕਾਤ ਲਈ ਬਕਿੰਘਮ ਪੈਲੇਸ ਪੁੱਜੇ। ਸਮਰਾਟ ਨੇ ਉਨ੍ਹਾਂ ਨੂੰ ਦੇਸ਼ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਵਜੋਂ ਨਿਯੁਕਤ ਕੀਤਾ। 73 ਸਾਲਾ ਚਾਰਲਸ ਨੂੰ ਰਸਮੀ ਤੌਰ 'ਤੇ ਆਪਣਾ ਅਸਤੀਫਾ ਸੌਂਪਣ ਲਈ ਬਕਿੰਘਮ ਪੈਲੇਸ ਜਾਣ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਲਿਜ਼ ਟਰਸ ਮੰਗਲਵਾਰ ਸਵੇਰੇ 10 ਡਾਊਨਿੰਗ ਸਟ੍ਰੀਟ (ਪ੍ਰਧਾਨ ਮੰਤਰੀ ਦੀ ਰਿਹਾਇਸ਼-ਕਮ-ਦਫ਼ਤਰ) ਵਿਖੇ ਆਪਣੀ ਆਖਰੀ ਕੈਬਨਿਟ ਮੀਟਿੰਗ ਦੀ ਅਗਵਾਈ ਕੀਤੀ। 42 ਸਾਲਾ ਸੁਨਕ ਫਿਰ ਸਮਰਾਟ ਨਾਲ ਮੁਲਾਕਾਤ ਲਈ ਮਹਿਲ ਪੁੱਜੇ, ਜਿਨ੍ਹਾਂ ਨੇ ਉਨ੍ਹਾਂ ਨੂੰ ਰਸਮੀ ਤੌਰ 'ਤੇ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ। ਜਿਕਰਯੋਗ ਹੈ ਕਿ ਭਾਰਤੀ ਮੂਲ ਦੇ ਬਹੁਤ ਸਾਰੇ ਵਿਅਕਤੀ ਵਿਦੇਸ਼ਾਂ ਵਿਚ ਉਚ ਅਹੁਦਿਆਂ ਉਤੇ ਹਨ। ਭਾਰਤੀ ਮੂਲ ਦੀ ਕਮਲਾ ਦੇਵੀ ਹੈਰਿਸ ਸੰਯੁਕਤ ਰਾਜ ਅਮਰੀਕਾ ਦੀ 49ਵੀਂ ਉਪ ਰਾਸ਼ਟਰਪਤੀ ਹੈ। ਕਮਲਾ ਹੈਰਿਸ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਅਤੇ ਸਭ ਤੋਂ ਉੱਚੇ ਦਰਜੇ ਦੀ ਮਹਿਲਾ ਹੈ। ਇਸ ਦੇ ਨਾਲ ਹੀ ਉਹ ਅਮਰੀਕਾ ਦੀ ਪਹਿਲੀ ਅਫਰੀਕੀ-ਅਮਰੀਕਨ ਅਤੇ ਏਸ਼ੀਆਈ-ਅਮਰੀਕਨ ਉਪ ਰਾਸ਼ਟਰਪਤੀ ਵੀ ਹੈ। ਕਮਲਾ ਹੈਰਿਸ ਦਾ ਜਨਮ ਕੈਲੀਫੋਰਨੀਆ ਵਿੱਚ ਹੋਇਆ ਸੀ, ਉਸਦੇ ਮਾਤਾ-ਪਿਤਾ ਭਾਰਤੀ ਅਤੇ ਜਮੈਕਨ ਹਨ। ਕਮਲਾ ਹੈਰਿਸ 2017 ਤੋਂ 2021 ਤੱਕ ਕੈਲੀਫੋਰਨੀਆ ਦੀ ਸੈਨੇਟਰ ਸੀ, ਜਦਕਿ 2011 ਤੋਂ 2017 ਤੱਕ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਸੀ। ਉਹ ਡੈਮੋਕ੍ਰੇਟਿਕ ਪਾਰਟੀ ਦੀ ਮੈਂਬਰ ਹੈ। ਇਸ ਤੋਂ ਇਲਾਵਾ ਐਂਟੋਨੀਓ ਲੁਈਸ ਸੈਂਟੋਸ ਕੋਸਟਾ ਇਸ ਸਮੇਂ ਯੂਰਪੀ ਦੇਸ਼ ਪੁਰਤਗਾਲ ਦੇ 119ਵੇਂ ਪ੍ਰਧਾਨ ਮੰਤਰੀ ਹਨ। ਉਹ 26 ਨਵੰਬਰ 2015 ਤੋਂ ਪ੍ਰਧਾਨ ਮੰਤਰੀ ਦੇ ਅਹੁਦੇ ਉਤੇ ਹਨ। ਕੋਸਟਾ ਦਾ ਇਹ ਤੀਜਾ ਕਾਰਜਕਾਲ ਹੈ। ਐਂਟੋਨੀਓ ਕੋਸਟਾ ਭਾਰਤ ਦੇ ਗੋਆ ਰਾਜ ਨਾਲ ਸਬੰਧਤ ਹੈ। ਕੋਸਟਾ ਦੇ ਦਾਦਾ, ਲੁਈ ਅਫਾਂਸੋ ਮਾਰੀਆ ਡੀ ਕੋਸਟਾ, ਗੋਆ ਦੇ ਨਿਵਾਸੀ ਸਨ। ਉਹ ਅੱਧਾ ਪੁਰਤਗਾਲੀ ਤੇ ਅੱਧਾ ਭਾਰਤੀ ਹੈ। ਉਸਦੇ ਪਿਤਾ ਦਾ ਜਨਮ ਮਾਪੁਟੋ, ਮੋਜ਼ਾਮਬੀਕ ਵਿੱਚ ਇਕ ਗੋਆ ਦੇ ਪਰਿਵਾਰ ਵਿੱਚ ਹੋਇਆ ਸੀ। ਐਂਟੋਨੀਓ ਕੋਸਟਾ ਦੇ ਰਿਸ਼ਤੇਦਾਰ ਅਜੇ ਵੀ ਗੋਆ 'ਚ ਰਹਿੰਦੇ ਹਨ।