ਪ੍ਰਧਾਨ ਮੰਤਰੀ ਸੁਨਕ ਨੇ ਮਿਸਰ ਵਿਚ ਹੋਣ ਵਾਲੇ ਸੀਓਪੀ27 ਪੌਣ-ਪਾਣੀ ਸੰਮੇਲਨ ਵਿਚ ਸ਼ਾਮਲ ਹੋਣ ਦਾ ਕੀਤਾ ਐਲਾਨ

ਲੰਡਨ (ਪੀਟੀਆਈ) : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਯੂਟਰਨ ਲੈਂਦੇ ਹੋਏ ਅਗਲੇ ਹਫ਼ਤੇ ਮਿਸਰ ਵਿਚ ਹੋਣ ਵਾਲੇ ਸੀਓਪੀ27 ਪੌਣ-ਪਾਣੀ ਸੰਮੇਲਨ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਪੰਜ ਦਿਨ ਪਹਿਲਾਂ ਹੀ ਉਨ੍ਹਾਂ ਕਿਹਾ ਸੀ ਕਿ ਉਹ ਬ੍ਰਿਟੇਨ ਦੇ ਘਰੇਲੂ ਤੇ ਆਰਥਿਕ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ, ਇਸ ਲਈ ਉਹ ਸ਼ਰਮ-ਅਲ-ਸ਼ੇਖ ਵਿਚ ਹੋਣ ਵਾਲੀ ਮੀਟਿੰਗ ’ਚ ਸ਼ਾਮਲ ਨਹੀਂ ਹੋਣਗੇ। ਇਸ ਮੁੱਦੇ ’ਤੇ ਤਿੱਖੀ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਬੁੱਧਵਾਰ ਨੂੰ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੀ ਨਵੀਂ ਯੋਜਨਾ ਨੂੰ ਜਾਹਰ ਕਰਨ ਲਈ ਟਵੀਟ ਕਰ ਕੇ ਜਾਣਕਾਰੀ ਦਿੱਤੀ। ਸੁਨਕ ਨੇ ਟਵੀਟ ਕਰ ਕੇ ਕਿਹਾ ਕਿ ਪੌਣ-ਪਾਣੀ ਤਬਦੀਲੀ ’ਤੇ ਕਦਮ ਚੁੱਕੇ ਬਗੈਰ ਲੰਬੇ ਸਮੇਂ ਦੀ ਖ਼ੁਸ਼ਹਾਲੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਹੈ। ਨਵੀਨ ਊਰਜਾ ਵਿਚ ਨਿਵੇਸ਼ ਕੀਤੇ ਬਗੈਰ ਕੋਈ ਊਰਜਾ ਸੁਰੱਖਿਆ ਨਹੀਂ ਹੈ। ਇਸ ਲਈ ਮੈਂ ਅਗਲੇ ਹਫ਼ਤੇ ਸੀਓਪੀ27 ਵਿਚ ਸ਼ਾਮਲ ਹੋਵਾਂਗਾ। ਇਸ ਤੋਂ ਪਹਿਲਾਂ, ਉਨ੍ਹਾਂ ਦੇ ਨਾ ਆਉਣ ਨੂੰ ਲੈ ਕੇ ਭਾਰਤੀ ਮੂਲ ਦੇ ਸੀਓਪੀ27 ਦੇ ਮੁਖੀ ਆਲੋਕ ਸ਼ਰਮਾ ਨੇ ਕਿਹਾ ਸੀ ਕਿ ਪੌਣ-ਪਾਣੀ ਮੁੱਦੇ ’ਤੇ ਕਾਰਵਾਈ ਨੂੰ ਲੈ ਕੇ ਬ੍ਰਿਟੇਨ ਨੂੰ ਮੌਜੂਦਾ ਦੌਰ ਵਿਚ ਆਪਣੀ ਪ੍ਰਤੀਬੱਧਤਾ ਦਿਖਾਉਣੀ ਚਾਹੀਦੀ। ਸੁਨਕ ਲਈ ਇਹ ਦਬਾਅ ਇਸ ਲਈ ਵੀ ਭਾਰੀ ਹੈ ਕਿਉਂਕਿ ਉਨ੍ਹਾਂ ਦੇ ਸਾਬਕਾ ਬੌਸ ਸਾਬਕਾ ਪੀਐੱਮ ਬੋਰਿਸ ਜੌਨਸਨ ਨੇ ਛੇ ਤੋਂ 18 ਨਵੰਬਰ ਤਕ ਚੱਲਣ ਵਾਲੇ ਸੰਮੇਲਨ ਵਿਚ ਸ਼ਾਮਲ ਹੋਣ ਦਾ ਵਾਅਦਾ ਕੀਤਾ ਸੀ। ਵਿਰੋਧੀ ਲੇਬਰ ਪਾਰਟੀ ਵੀ ਸੁਨਕ ਦੇ ਸੀਓਪੀ27 ਵਿਚ ਸ਼ਾਮਲ ਨਾ ਹੋਣ ਨੂੰ ਸ਼ਰਮਿੰਦਾ ਕਰਨ ਵਾਲਾ ਫ਼ੈਸਲਾ ਦੱਸ ਰਹੀ ਸੀ। ਗ੍ਰੀਨ ਪਾਰਟੀ ਨੇ ਵੀ ਇਸ ਨੂੰ ਗ਼ਲਤ ਦੱਸਿਆ ਹੈ।