ਨਿਊਜਰਸੀ ‘ਚ ਇਕ ਨੌਜਵਾਨ ਨੇ ਜਲੰਧਰ ਦੀਆਂ ਦੋ ਭੈਣਾਂ ‘ਤੇ ਚਲਾਈਆਂ ਗੋਲੀਆਂ, ਇਕ ਦੀ ਮੌਤ, ਦੂਜੀ ਦੀ ਹਾਲਤ ਨਾਜ਼ੁਕ

ਨਿਊਜਰਸੀ, 15 ਜੂਨ 2024 : ਅਮਰੀਕਾ ਦੇ ਨਿਊਜਰਸੀ ‘ਚ ਇਕ ਨੌਜਵਾਨ ਨੇ ਜਲੰਧਰ ਦੀਆਂ ਦੋ ਭੈਣਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ‘ਚ ਇਕ ਦੀ ਮੌਤ ਹੋ ਗਈ ਹੈ, ਜਦਕਿ ਦੂਜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਵੀ ਨਕੋਦਰ, ਜਲੰਧਰ ਦਾ ਰਹਿਣ ਵਾਲਾ ਹੈ। ਦੋਵੇਂ ਚਚੇਰੀਆਂ ਭੈਣਾਂ ਸਨ। ਮੁਲਜ਼ਮ ਦੀ ਪਛਾਣ ਗੌਰਵ ਗਿੱਲ ਵਾਸੀ ਪਿੰਡ ਹੁਸੈਨਪੁਰ ਵਜੋਂ ਹੋਈ ਹੈ। ਗੋਲੀਬਾਰੀ ‘ਚ ਮਰਨ ਵਾਲੀ ਕੁੜੀ ਦੀ ਪਛਾਣ 29 ਸਾਲਾ ਜਸਵੀਰ ਕੌਰ ਵਾਸੀ ਨੂਰਮਹਿਲ ਵਜੋਂ ਹੋਈ ਹੈ। ਘਟਨਾ ਵਿੱਚ ਜਸਵੀਰ ਕੌਰ ਦੀ 20 ਸਾਲਾ ਭੈਣ ਜ਼ਖ਼ਮੀ ਹੋ ਗਈ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਿਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਤੋਂ ਬਾਅਦ ਦੋਵੇਂ ਜ਼ਖਮੀ ਭੈਣਾਂ ਨੂੰ ਤੁਰੰਤ ਨੇਵਾਰਕ ਦੇ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਮਾਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਗੌਰਵ ਗਿੱਲ ਨੂੰ ਬੁੱਧਵਾਰ ਸਵੇਰੇ ਔਰਤਾਂ ਨੂੰ ਗੋਲੀ ਮਾਰਨ ਤੋਂ ਕੁਝ ਘੰਟੇ ਬਾਅਦ ਹੀ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਕੌਰ ਸ਼ਾਦੀਸ਼ੁਦਾ ਸੀ ਅਤੇ ਉਸ ਦਾ ਪਤੀ ਟਰੱਕ ਚਲਾਉਂਦਾ ਹੈ। ਘਟਨਾ ਦੇ ਸਮੇਂ ਉਹ ਟਰੱਕ ਲੈ ਕੇ ਬਾਹਰ ਗਿਆ ਹੋਇਆ ਸੀ। ਫੜੇ ਗਏ ਦੋਸ਼ੀ ਗੌਰਵ ਅਤੇ 20 ਸਾਲਾ ਲੜਕੀ ਜਲੰਧਰ ‘ਚ ਇਕੱਠੇ ਟੌਫਲ ਕਰਦੇ ਸਨ। ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ। ਦੋਵੇਂ ਅਮਰੀਕਾ ‘ਚ ਸਨ, ਇਸ ਲਈ ਗੌਰਵ ਨੇ ਮੌਕਾ ਪਾ ਕੇ ਬੁੱਧਵਾਰ ਨੂੰ ਉਕਤ ਲੜਕੀ ‘ਤੇ ਗੋਲੀਆਂ ਚਲਾ ਦਿੱਤੀਆਂ। ਜਾਣਕਾਰੀ ਮੁਤਾਬਕ ਹਮਲੇ ਤੋਂ ਬਾਅਦ ਦੋਸ਼ੀ ਨੂੰ ਪੁਲਸ ਨੇ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਸੀ। ਜਿਸ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਸੀਸੀਟੀਵੀ ਵਿੱਚ ਅਮਰੀਕਾ ਪੁਲਿਸ ਮੁਲਜ਼ਮ ਨੂੰ ਹਿਰਾਸਤ ਵਿੱਚ ਲੈਂਦੀ ਨਜ਼ਰ ਆ ਰਹੀ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਕਤਲ ਦਾ ਹਥਿਆਰ ਵੀ ਬਰਾਮਦ ਕੀਤਾ ਹੈ। ਇਸ ਘਟਨਾਂ ਸਬੰਧੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਜਵਾਈ ਦਾ ਬੀਤੀ ਰਾਤ ਫੋਨ ਆਇਆ ਸੀ ਜਿਸ ਨੇ ਉਨ੍ਹਾਂ ਨੂੰ ਇਸ ਘਟਨਾਂ ਬਾਰੇ ਜਾਣਕਾਰੀ ਦਿੱਤੀ। ਗੌਰਵ ਨਾਂ ਦੇ ਨੌਜਵਾਨ ਬਾਰੇ ਬੱਚਿਆਂ ਨਾਲ ਕੋਈ ਗੱਲਬਾਤ ਨਹੀਂ ਹੋਈ। ਤਿੰਨੋਂ ਨਿਊਜਰਸੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ। ਘਟਨਾ ਸਮੇਂ ਜਵਾਈ ਟਰੱਕ ਲੈ ਕੇ ਕੈਲੇਫੋਰਨੀਆ ਗਿਆ ਹੋਇਆ ਸੀ। ਪਰਿਵਾਰ ਨੇ ਕਿਹਾ- ਬੱਚਿਆਂ ਨੇ ਕਦੇ ਨਹੀਂ ਦੱਸਿਆ ਕਿ ਕੋਈ ਨੌਜਵਾਨ ਉਨ੍ਹਾਂ ਨਾਲ ਗੱਲ ਕਰਦਾ ਹੈ ਜਾਂ ਉਨ੍ਹਾਂ ਨੂੰ ਤੰਗ ਕਰਦਾ ਹੈ। ਗਗਨ ਇਸ ਸਾਲ 2 ਜਨਵਰੀ ਨੂੰ ਅਮਰੀਕਾ ਗਿਆ ਸੀ। ਵੱਡੀ ਧੀ 2018 ਤੋਂ ਅਮਰੀਕਾ ਵਿੱਚ ਹੈ। ਜਸਵੀਰ ਦਾ ਪਿਛਲੇ ਸਾਲ ਜਨਵਰੀ ਮਹੀਨੇ ਵਿੱਚ ਵਿਆਹ ਹੋਇਆ ਸੀ। ਉਨ੍ਹਾਂ ਦੀਆਂ ਧੀਆਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਮ੍ਰਿਤਕ ਜਸਬੀਰ ਕੌਰ ਦੇ ਪਿਤਾ ਕੇਵਲ ਸਿੰਘ ਨੇ ਖੁਲਾਸਾ ਕੀਤਾ ਕਿ ਗਗਨਦੀਪ ਕੌਰ ਨੂੰ ਜਦੋਂ ਹਸਪਤਾਲ 'ਚ ਹੋਸ਼ ਆਇਆ ਤੇ ਉਸ ਨੇ ਪੁਲਿਸ ਦੇ ਸਾਹਮਣੇ ਬਿਆਨ ਦਿੱਤੇ ਹਨ ਕਿ 'ਜੋ ਕੁਝ ਹੋਇਆ ਮੇਰੇ ਕਰਕੇ ਹੋਇਆ ਸੌਰੀ'। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਕਿ ਜਸਵੀਰ ਕੌਰ ਦੇ ਮੂੰਹ 'ਤੇ 6 ਤੋਂ 7 ਗੋਲੀਆਂ ਵੱਜੀਆਂ ਹਨ। ਉਨ੍ਹਾਂ ਕਿਹਾ ਕਿ 'ਸਾਨੂੰ ਲੱਗਦਾ ਗਗਨ ਨੂੰ ਮੁੰਡਾ ਜਾਣਦਾ ਸੀ ਤੇ 30 ਤੋਂ 35 ਘੰਟੇ ਦਾ ਸਫ਼ਰ ਕਰਕੇ ਇਨ੍ਹਾਂ ਦੇ ਕੋਲ ਪਹੁੰਚਿਆ ਸੀ।