ਬਲੋਚਿਸਤਾਨ 'ਚ ਬਾਗੀਆਂ ਦਾ ਵੱਡਾ ਹਮਲਾ, ਚਾਰ ਪੁਲਿਸ ਮੁਲਾਜ਼ਮਾਂ ਨੂੰ ਘੇਰ ਕੇ ਹਲਾਕ, 4 ਪੰਜਾਬੀ ਮਜ਼ਦੂਰ ਮਾਰੇ 

ਇਸਲਾਮਾਬਾਦ, 23 ਮਾਰਚ 2025 : ਬਲੋਚ ਬਾਗੀਆਂ ਨੇ ਬਲੋਚਿਸਤਾਨ ਦੇ ਨੌਸ਼ਕੀ ਜ਼ਿਲੇ 'ਚ ਪਾਕਿਸਤਾਨੀ ਸੁਰੱਖਿਆ ਬਲਾਂ 'ਤੇ ਵੱਡਾ ਹਮਲਾ ਕੀਤਾ ਹੈ। ਪਾਕਿਸਤਾਨੀ ਮੀਡੀਆ ਆਉਟਲੇਟ ਏਆਰਵਾਈ ਨਿਊਜ਼ ਨੇ ਦੱਸਿਆ ਕਿ ਹਮਲੇ ਵਿੱਚ ਘੱਟੋ-ਘੱਟ ਚਾਰ ਪੁਲਿਸ ਮੁਲਾਜ਼ਮ ਮਾਰੇ ਗਏ ਹਨ। ਅਧਿਕਾਰੀਆਂ ਮੁਤਾਬਕ ਗੋਲੀਬਾਰੀ ਦੀ ਘਟਨਾ ਗਰੀਬਾਬਾਦ ਇਲਾਕੇ 'ਚ ਵਾਪਰੀ। ਹਥਿਆਰਬੰਦ ਹਮਲਾਵਰਾਂ ਨੇ ਪੁਲਿਸ ਦੀ ਪੈਟਰੋਲਿੰਗ ਵੈਨ ਨੂੰ ਘੇਰ ਲਿਆ ਅਤੇ ਗੋਲੀਬਾਰੀ ਕੀਤੀ, ਜਿਸ ਨਾਲ ਚਾਰ ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ। ਹਥਿਆਰਬੰਦ ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਰਿਪੋਰਟ ਮੁਤਾਬਕ ਸੁਰੱਖਿਆ ਬਲ ਮੌਕੇ 'ਤੇ ਪਹੁੰਚੇ ਅਤੇ ਲਾਸ਼ਾਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ। ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਸਰਫਰਾਜ਼ ਬੁਗਤੀ ਨੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਕੀਮਤੀ ਜਾਨਾਂ ਦੇ ਨੁਕਸਾਨ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬੁਗਲੀ ਨੇ ਹਮਲੇ ਨੂੰ ਕਾਇਰਤਾ ਭਰੀ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਬਲੋਚਿਸਤਾਨ ਵਿੱਚ ਸ਼ਾਂਤੀ ਅਤੇ ਵਿਕਾਸ ਪ੍ਰਕਿਰਿਆ ਨੂੰ ਭੰਗ ਕਰਨ ਦੀਆਂ ਅਜਿਹੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਬੇਕਸੂਰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਵਾਲਿਆਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਹਾਲ ਹੀ ਵਿੱਚ ਨੌਸ਼ਕੀ ਵਿੱਚ ਇਹ ਦੂਜਾ ਵੱਡਾ ਹਮਲਾ ਹੈ। ਇਸ ਤੋਂ ਪਹਿਲਾਂ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਨੇ ਪਾਕਿਸਤਾਨੀ ਫੌਜ ਦੇ ਕਾਫਲੇ 'ਤੇ ਹਮਲਾ ਕਰਕੇ ਫੌਜੀਆਂ ਨਾਲ ਭਰੀ ਬੱਸ ਨੂੰ ਉਡਾ ਦਿੱਤਾ ਸੀ। ਬਾਗੀਆਂ ਨੇ 90 ਸੈਨਿਕਾਂ ਦੀ ਮੌਤ ਦਾ ਦਾਅਵਾ ਕੀਤਾ ਹੈ। ਹਾਲਾਂਕਿ ਅਧਿਕਾਰੀਆਂ ਨੇ 7 ਜਵਾਨਾਂ ਦੀ ਮੌਤ ਨੂੰ ਮੰਨਿਆ ਹੈ। ਇਸ ਦੌਰਾਨ, ਇੱਕ ਵੱਖਰੀ ਘਟਨਾ ਵਿੱਚ, ਬਲੋਚਿਸਤਾਨ ਦੇ ਕਲਾਤ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਹਥਿਆਰਬੰਦ ਹਮਲਾਵਰਾਂ ਨੇ ਪੰਜਾਬ ਦੇ ਚਾਰ ਮਜ਼ਦੂਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਹਮਲਾਵਰ ਭੱਜਣ 'ਚ ਕਾਮਯਾਬ ਹੋ ਗਏ। ਰਿਪੋਰਟਾਂ ਮੁਤਾਬਕ ਪੀੜਤ ਸਥਾਨਕ ਜ਼ਮੀਨ ਮਾਲਕ ਲਈ ਟਿਊਬਵੈੱਲ ਪੁੱਟ ਰਹੇ ਸਨ। ਹਾਲ ਹੀ ਦੇ ਸਮੇਂ ਵਿੱਚ ਵੱਖਵਾਦੀ ਵਿਦਰੋਹੀ ਸਮੂਹਾਂ ਨੇ ਬਲੋਚਿਸਤਾਨ ਵਿੱਚ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਪਿਛਲੇ ਹਫਤੇ ਬਲੋਚ ਬਾਗੀਆਂ ਨੇ ਕਵੇਟਾ ਤੋਂ ਪੇਸ਼ਾਵਰ ਜਾ ਰਹੀ ਜਾਫਰ ਐਕਸਪ੍ਰੈਸ ਟਰੇਨ 'ਤੇ ਕਬਜ਼ਾ ਕਰ ਲਿਆ ਸੀ ਅਤੇ 200 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਕਰੀਬ ਦੋ ਦਿਨ ਬਾਅਦ ਪਾਕਿਸਤਾਨੀ ਫੌਜ ਨੇ ਬੰਧਕਾਂ ਨੂੰ ਛੁਡਾਉਣ ਦਾ ਦਾਅਵਾ ਕੀਤਾ ਹੈ। ਪਰ ਬਾਗੀਆਂ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ। ਬਾਅਦ ਵਿੱਚ ਬਾਗੀਆਂ ਨੇ ਕਿਹਾ ਕਿ ਸਾਰੇ ਬੰਧਕ ਮਾਰੇ ਗਏ ਹਨ।