
- ਮੁੱਖ ਮੰਤਰੀ ਮਾਨ ਨੇ ਸਰਕਾਰੀ ਕੰਨਿਆ ਕਾਲਜ ਲੁਧਿਆਣਾ ਵਿਖੇ ਡਿਗਰੀ ਵੰਡ ਸਮਾਰੋਹ ਵਿੱਚ ਕੀਤੀ ਸ਼ਿਰਕਤ
ਚੰਡੀਗੜ੍ਹ, 25 ਮਾਰਚ 2025 : ਸਰਕਾਰੀ ਕੰਨਿਆ ਕਾਲਜ ਲੁਧਿਆਣਾ ਵਿਖੇ ਅੱਜ 81ਵੀਂ ਕਨਵੋਕੇਸ਼ਨ ਕਰਵਾਈ ਗਈ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੁੱਜੇ। ਕਨਵੋਕੇਸ਼ਨ ਦੌਰਾਨ ਮੁੱਖ ਮੰਤਰੀ ਨੇ ਸਰਕਾਰੀ ਕਾਲਜ ਵਿੱਚ 3650 ਦੇ ਕਰੀਬ ਲੜਕੀਆਂ ਨੂੰ ਡਿਗਰੀਆਂ ਵੰਡੀਆਂ ਹਨ। ਇਸ ਮੌਕੇ ਉਨ੍ਹਾਂ ਵਿਦਿਆਰਥਣਾ ਨੂੰ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਐਜੂਕੇਸ਼ਨ ਖੇਤਰ ‘ਚ ਲੜਕੀਆਂ ਨੂੰ ਅੱਗੇ ਵਧਣ ਤੇ ਨੌਕਰੀਆਂ ਸਮੇਤ ਹੋਰਨਾਂ ਮੁੱਦਿਆਂ ਤੇ ਗੱਲਬਾਤ ਕੀਤੀ। ਉਹਨਾਂ ਭਾਸ਼ਣ ਦੌਰਾਨ ਇਹ ਵੀ ਜ਼ਿਕਰ ਕੀਤਾ ਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਮੁੰਡਿਆਂ ਤੋਂ ਘੱਟ ਨਹੀਂ ਹਨ। ਭਗਵੰਤ ਮਾਨ ਨੇ ਕਿਹਾ ਕਿ ਸਪੋਰਟਸ ਵਿੱਚ ਵੀ ਸਾਡੀਆਂ ਕੁੜੀਆਂ ਨੇ ਮੱਲਾਂ ਮਾਰੀਆਂ ਹਨ। ਉਹਨਾਂ ਕਿਹਾ ਕਿ ਕਾਲਜ ਦੀ ਪ੍ਰਿੰਸੀਪਲ ਨੇ ਕਾਲਜ ਦੀ ਰਿਪੋਰਟ ਦੇ ਵਿੱਚ ਦੱਸਿਆ ਕਿ ਅਜਿਹਾ ਕੋਈ ਫੀਲਡ ਨਹੀਂ ਹੈ, ਜਿੱਥੇ ਇਸ ਕਾਲਜ ਦੀ ਕੁੜੀਆਂ ਨੇ ਮੱਲਾ ਨਾ ਮਾਰੀਆਂ ਹੋਣ। ਉਹਨਾਂ ਕਿਹਾ ਕਿ ਜਦੋਂ ਰੁੱਖ ਛਾਂ ਦੇਣ ਲੱਗ ਜਾਵੇ ਜਾਂ ਬੂਟਾ ਫਲ ਦੇਣ ਲੱਗ ਜਾਵੇ ਤਾਂ ਉਸ ਦੀ ਸਭ ਤੋਂ ਵੱਧ ਖੁਸ਼ੀ ਮਾਲੀ ਨੂੰ ਹੁੰਦੀ ਹੈ। ਉਹਨਾਂ ਕਿਹਾ ਕਿ ਇਸੇ ਕਰਕੇ ਅੱਜ ਇਹਨਾਂ ਕੁੜੀਆਂ ਦੀ ਕਾਮਯਾਬੀ ਪਿੱਛੇ ਟੀਚਰਾਂ ਨੂੰ ਖੁਸ਼ੀ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਮਹਿਲਾਵਾਂ ਨੂੰ ਸਸ਼ਕਤ ਕਰਨ ਦੇ ਲਈ ਲਗਾਤਾਰ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਹੱਡ ਬੀਤੀ ਦੱਸਦੇ ਹੋਏ ਆਪਣੇ ਕਾਲਜੀ ਦਿਨ ਵੀ ਯਾਦ ਕੀਤੇ। ਇਸ ਤੋਂ ਇਲਾਵਾ ਉਹਨਾਂ ਬੱਚਿਆਂ ਨੂੰ ਸੁਨੇਹਾ ਵੀ ਦਿੱਤਾ ਕਿ ਇਹ ਜੋ ਗੁਰੂ ਹਨ, ਉਸ ਤੋਂ ਵੱਡੇ ਨਹੀਂ ਹੋ ਸਕਦੇ ਇਸ ਲਈ ਆਪਣੇ ਗੁਰੂ ਨੂੰ ਕਦੀ ਵੀ ਭੁੱਲਣਾ ਨਹੀਂ ਚਾਹੀਦਾ। ਭਗਵੰਤ ਮਾਨ ਨੇ ਕਿਹਾ ਹੈ ਕਿ ਸਾਡੀ ਸਰਕਾਰ ਨੇ 3 ਸਾਲਾਂ ਵਿੱਚ 52606 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਤੁਸੀਂ ਪੇਪਰ ਪਾਸ ਕਰੋ ਅਸੀਂ ਬਿਨਾਂ ਸਿਫਾਰਸ਼ ਦੇ ਨੌਕਰੀਆਂ ਦੇਵਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਤੁਹਾਨੂੰ ਪਹਿਲ ਦੇ ਆਧਾਰ ਉੱਤੇ ਨੌਕਰੀਆਂ ਦੇਵਾਂਗੇ ਪਰ ਤੁਸੀਂ ਇਮਾਨਦਾਰੀ ਨਾਲ ਪੇਪਰ ਪਾਸ ਕਰਕੇ ਆਓ। ਭਗਵੰਤ ਮਾਨ ਨੇ ਲੜਕੀਆਂ ਨੂੰ ਰਾਜਨੀਤੀ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਆਮ ਤੌਰ ’ਤੇ ਮਹਿਲਾ ਆਪਣੇ ਪਿਤਾ, ਭਰਾ ਜਾਂ ਪਤੀ ਦੇ ਕਹਿਣ ’ਤੇ ਹੀ ਆਪਣੀ ਵੋਟ ਦਾ ਇਸਤੇਮਾਲ ਕਰਦੀ ਹੈ। ਹੁਣ ਜਰੂਰੀ ਬਣ ਗਿਆ ਹੈ ਕਿ ਔਰਤਾਂ ਰਾਜਨੀਤੀ ਵਿੱਚ ਵੀ ਹਿੱਸਾ ਲੈਣ। ਮੁੱਖ ਮੰਤਰੀ ਮਾਨ ਨੇ ਕਿਹਾ ਲੜਕੀਆਂ ਆਪਣਾ ਮੁਕਾਮ ਆਪ ਤੈਅ ਕਰਕੇ ਹੋਰਨਾਂ ਲਈ ਰੋਲ ਮਾਡਲ ਬਣਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਕਾਲਜ ਦੇ ਅੰਦਰ ਬਣੇ ਵਿਰਾਸਤੀ ਘਰ ਦਾ ਦੌਰਾ ਕੀਤਾ, ਜਿੱਥੇ ਪ੍ਰਿੰਸੀਪਲ ਸੁਮਨ ਲਤਾ ਨੇ ਮੁੱਖ ਮੰਤਰੀ ਨੂੰ ਫੁਲਕਾਰੀ ਪਾ ਕੇ ਸਨਮਾਨਿਤ ਕੀਤਾ। ਕਾਲਜ ਦੀਆਂ ਵਿਦਿਆਰਥਣਾਂ ਨੇ ਮੁੱਖ ਮੰਤਰੀ ਦੇ ਸਾਹਮਣੇ ਹਿਸਟੋਨਿਕਸ, ਕਵਿਤਾ, ਗਿੱਧੇ ਦੀ ਪੇਸ਼ਕਾਰੀ ਦੇਣ ਤੋਂ ਇਲਾਵਾ ਲੋਕ ਸਾਜ਼ ਵਜਾ ਕੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਉਚੇਰੀ ਸਿੱਖਿਆ ਵਿਭਾਗ ਦੀ ਸਕੱਤਰ ਅਨੰਦਿੱਤਾ ਮਿੱਤਰਾ, ਕਾਲਜ ਦੀ ਪ੍ਰਿੰਸੀਪਲ ਸੁਮਨ ਲਤਾ, ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ, ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚਾਹਲ, ਡਾ. ਸੁਖਚੈਨ ਕੌਰ ਬੱਸੀ ਆਦਿ ਹਾਜ਼ਰ ਸਨ।