ਟੋਰਾਂਟੋ, ਏਜੰਸੀ : ਪੰਜਾਬ ਵਿਚ ਅੰਮ੍ਰਿਤਪਾਲ ਸਿੰਘ ਦੀ ਘਟਨਾ ਤੋਂ ਬਾਅਦ ਕੈਨੇਡਾ ਵਿਚ ਖ਼ਾਲਿਸਤਾਨੀ ਕਾਰਕੁੰਨ ਸੁਰਖੀਆਂ ਬਟੋਰ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਉੱਜਲ ਦੁਸਾਂਝ ਦਾ ਕਹਿਣਾ ਹੈ ਕਿ ਉਹ ਇਹ ਸਭ ਬਿਨਾਂ ਕਿਸੇ ਮਕਸਦ ਦੇ ਸਿਰਫ਼ ਆਪਣੀ ਤਸੱਲੀ ਲਈ ਕਰ ਰਹੇ ਹਨ। ਦੁਸਾਂਝ 'ਤੇ 1986 ਵਿਚ ਵੈਨਕੂਵਰ ਵਿਚ ਸਿੱਖ ਕੱਟੜਪੰਥੀਆਂ ਵੱਲੋਂ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਸੀ, ਜਦੋਂ ਪੰਜਾਬ ਵਿਚ ਖਾੜਕੂ ਹਿੰਸਾ ਆਪਣੇ ਸਿਖਰ 'ਤੇ ਸੀ। ਉਨ੍ਹਾਂ ਕਿਹਾ ਕਿ ਖਾਲਿਸਤਾਨ ਲਹਿਰ ਦਾ ਕੋਈ ਭਵਿੱਖ ਨਹੀਂ ਹੈ। ਦੁਸਾਂਝ ਦਾ ਕਹਿਣਾ ਹੈ ਕਿ ਜੂਨ 1984 ਵਿਚ ਵੈਨਕੂਵਰ ਵਿੱਚ 25,000 ਲੋਕਾਂ ਨੇ ਪ੍ਰਦਰਸ਼ਨ ਕੀਤਾ, ਪਰ ਹੁਣ ਸਿਰਫ਼ 100 ਲੋਕ ਖ਼ਾਲਿਸਤਾਨ ਵਿਰੋਧੀ ਪ੍ਰਦਰਸ਼ਨਾਂ ਵਿੱਚ ਦਿਖਾਈ ਦੇ ਰਹੇ ਹਨ। ਕਈਆਂ ਨੂੰ ਡਰ ਹੈ ਕਿ ਕੈਨੇਡਾ ਵਿੱਚ ਖਾਲਿਸਤਾਨੀ ਸਮਰਥਕ ਵੱਧ ਰਹੇ ਹਨ। ਬਰੈਂਪਟਨ ਦੇ ਇਕ ਸਿੱਖ ਸਨਅਤਕਾਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਇੰਟਰਨੈੱਟ ਸੇਵਾਵਾਂ ਬੰਦ ਹੋਣ ਤੋਂ ਬਾਅਦ ਪੰਜਾਬ ਦੇ ਹਾਲਾਤ ਬਾਰੇ NDP ਆਗੂ ਜਗਮੀਤ ਸਿੰਘ, ਐੱਮਪੀ ਸੋਨੀਆ ਸਿੱਧੂ ਤੇ ਹੋਰਾਂ ਵੱਲੋਂ ਟਵੀਟ ਕਰਨ ਦੀ ਤਤਪਰਤਾ ਕੀ ਦੱਸਦੀ ਹੈ? ਅਜਿਹਾ ਕੱਟੜਪੰਥੀ ਵੋਟ ਬੈਂਕ ਦੇ ਇਸ਼ਾਰੇ 'ਤੇ ਕੀਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕ ਬਦਲੇ ਦੀ ਕਾਰਵਾਈ ਦੇ ਡਰੋਂ ਚੁੱਪ ਹਨ। ਉਹ ਕਹਿੰਦੇ ਹਨ, 'ਖਾਲਿਸਤਾਨੀਆਂ ਵਿਰੁੱਧ ਕੋਈ ਮੂੰਹ ਨਹੀਂ ਖੋਲ੍ਹਦਾ, ਜਿਨ੍ਹਾਂ ਰਾਜਸੀ ਸਰਪ੍ਰਸਤੀ ਪ੍ਰਾਪਤ ਹੈ। ਕੋਈ ਵੀ ਆਗੂ ਜੋ ਉਨ੍ਹਾਂ ਵਿਰੁੱਧ ਕੁਝ ਵੀ ਬੋਲਦਾ ਹੈ, ਉਸ ਦੇ ਗੁਰਦੁਆਰਿਆਂ ਵਿਚ ਦਾਖਲ ਹੋਣ ਅਤੇ ਵਿਸਾਖੀ ਪਰੇਡ ਵਿਚ ਹਿੱਸਾ ਲੈਣ 'ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ।' ਟੋਰਾਂਟੋ 'ਚ ਇੱਕ ਇੰਡੋ-ਕੈਨੇਡੀਅਨ ਰੈਸਟੋਰੈਂਟ ਦੇ ਮਾਲਕ ਦਾ ਕਹਿਣਾ ਹੈ ਕਿ ਜਦੋਂ ਅੰਮ੍ਰਿਤਪਾਲ ਸਿੰਘ ਵਰਗੀ ਘਟਨਾ ਵਾਪਰਦੀ ਹੈ ਤਾਂ ਖਾਲਿਸਤਾਨ ਸਮਰਥਕ ਮੇਅਰਾਂ, ਸੰਸਦ ਮੈਂਬਰਾਂ, ਐਮਪੀਪੀਜ਼ ਤੇ ਮੰਤਰੀਆਂ ਦੇ ਦਫ਼ਤਰਾਂ 'ਤੇ ਹਮਲਾ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਜਲਦਬਾਜ਼ੀ ਵਿੱਚ ਬਿਆਨ ਦੇਣ ਜਾਂ ਟਵੀਟ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਰੈਸਟੋਰੈਂਟ ਦੇ ਮਾਲਕ ਦਾ ਦਾਅਵਾ ਹੈ ਕਿ ਖਾਲਿਸਤਾਨੀ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਪੰਜਾਬ ਦੇ ਨਵੇਂ ਵਿਦਿਆਰਥੀਆਂ ਨੂੰ ਲੁਭਾ ਰਹੇ ਹਨ ਤੇ ਉਨ੍ਹਾਂ ਨੂੰ ਵਰਤ ਰਹੇ ਹਨ। ਉਹ ਇਨ੍ਹਾਂ ਵਿਦਿਆਰਥੀਆਂ ਦੀ ਨੌਕਰੀ, ਰਿਹਾਇਸ਼ ਤੇ ਭੋਜਨ ਵਿੱਚ ਮਦਦ ਕਰ ਕੇ ਇਨ੍ਹਾਂ ਦਾ ਬ੍ਰੇਨਵਾਸ਼ ਕਰਦੇ ਹਨ। ਕੈਨੇਡਾ-ਇੰਡੀਆ ਫਾਊਂਡੇਸ਼ਨ ਦੇ ਕੌਮੀ ਕਨਵੀਨਰ ਰਿਤੇਸ਼ ਮਲਿਕ, ਜਿਨ੍ਹਾਂ ਨੂੰ ਆਰਐਸਐਸ ਸਮਰਥਕ ਹੋਣ ਕਾਰਨ ਕੱਟੜਪੰਥੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ, ਕੈਨੇਡਾ ਵਿੱਚ ਭਾਰਤ ਵਿਰੋਧੀ ਭਾਵਨਾਵਾਂ ਦੇ ਉਭਾਰ ਲਈ ਸਿਆਸੀ ਤੁਸ਼ਟੀਕਰਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਮਲਿਕ ਨੇ ਕਿਹਾ ਕਿ ਸਿਆਸਤਦਾਨਾਂ ਨੂੰ ਪਛਾਣ ਦੀ ਰਾਜਨੀਤੀ ਕਰਨੀ ਛੱਡ ਦੇਣੀ ਚਾਹੀਦੀ ਹੈ। ਅਪਰਾਧੀ ਅਪਰਾਧੀ ਹੁੰਦਾ ਹੈ - ਸਿੱਖ ਜਾਂ ਹਿੰਦੂ ਜਾਂ ਮੁਸਲਮਾਨ ਨਹੀਂ। ਇਨ੍ਹਾਂ ਅਨਸਰਾਂ ਦੀ ਹਮਾਇਤ ਕਰ ਕੇ ਮੰਤਰੀ ਅਤੇ ਸੰਸਦ ਮੈਂਬਰ ਖ਼ਤਰਨਾਕ ਖੇਡ ਖੇਡ ਕੇ ਕੈਨੇਡਾ ਦਾ ਨੁਕਸਾਨ ਕਰ ਰਹੇ ਹਨ। ਬਰੈਂਪਟਨ ਦੇ ਪੰਜਾਬੀ ਪੱਤਰਕਾਰ ਬਲਰਾਜ ਦਿਓਲ ਨੇ ਵੀ ਭਾਰਤ ਸਰਕਾਰ 'ਤੇ ਖਾਲਿਸਤਾਨੀਆਂ ਨੂੰ ਬਲੈਕਲਿਸਟ 'ਚੋਂ ਨਾਮ ਹਟਾ ਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਹੈ। ਉਹ ਕਹਿੰਦਾ ਹੈ ਕਿ ਮੋਦੀ ਸਰਕਾਰ ਨੇ ਖਾਲਿਸਤਾਨੀਆਂ ਨੂੰ ਆਪਣੇ ਵੱਲ ਲੁਭਾਉਣ ਲਈ 2015 ਵਿਚ ਇਹ ਪ੍ਰਕਿਰਿਆ ਸ਼ੁਰੂ ਕੀਤੀ ਸੀ, ਪਰ ਇਹ ਬਿਨਾਂ ਸੋਚੇ ਸਮਝੇ ਕੀਤਾ ਗਿਆ। ਅੱਜ ਅਸੀਂ ਭਾਰਤੀ ਇਸ ਦਾ ਨਤੀਜਾ ਦੇਖ ਰਹੇ ਹਾਂ।