ਰਾਇਲ ਕੈਨੇਡੀਅਨ ਪੁਲਿਸ ਨੇ ਸਰੀ ਨਿਵਾਸੀ 5 ਪੰਜਾਬੀ ਨੌਜਵਾਨਾਂ ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਅਰਵਿੰਦਰਜੀਤ ਸਿੰਘ, ਕੁਲਜਿੰਦਰ ਸਿੰਘ ਤੇ ਅਜੇ ਕੁਮਾਰ ਦਾ ਕਮਿਊਨਿਟੀ ਲੀਡਰਜ਼ ਐਵਾਰਡ ਨਾਲ ਸਨਮਾਨ ਕੀਤਾ ਹੈ | ਇਹ ਸਨਮਾਨ ਉਨ੍ਹਾਂ ਨੂੰ 20 ਸਾਲ ਦੇ 2 ਨੌਜਵਾਨਾਂ ਦੀ ਜਾਨ ਬਚਾਉਣ ਬਦਲੇ ਦਿੱਤਾ ਹੈ | ਇਨ੍ਹਾਂ ਪੰਜਾਂ ਨੌਜਵਾਨਾਂ ਨੂੰ ਕੈਨੇਡਾ ਪੁਲਿਸ ਦੇ ਵਿਸ਼ੇਸ਼ ਸਰਟੀਫ਼ਿਕੇਟ ਤੇ ਯੂਨੀਕ ਟੋਕਨ ਨਾਲ ਸਨਮਾਨਿਤ ਕੀਤਾ ਗਿਆ ਹੈ | ਘਟਨਾ ਬੀਤੀ 11 ਅਕਤੂਬਰ ਦੀ ਹੈ, ਜਦੋਂ ਮੈਪਲ ਰਿੱਜ ਦੇ ਗੋਲਡਨ ਈਅਰਜ਼ ਪ੍ਰੋਵਿੰਸ਼ਲ ਪਾਰਕ ਨੇੜੇ 2 ਨੌਜਵਾਨ ਡੂੰਘੀ ਥਾਂ 'ਤੇ ਫਸ ਗਏ ਜਿੱਥੇ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਤੇ ਉਨ੍ਹਾਂ ਦਾ ਪਾਣੀ ਵਿਚ ਰੁੜ੍ਹ ਜਾਣ ਦਾ ਪੂਰਾ ਖ਼ਤਰਾ ਸੀ | ਇਸ ਦੌਰਾਨ ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਅਰਵਿੰਦਰਜੀਤ ਸਿੰਘ, ਕੁਲਜਿੰਦਰ ਸਿੰਘ ਤੇ ਅਜੇ ਕੁਮਾਰ ਉੱਥੇ ਪਾਰਕ 'ਚ ਘੁੰਮ ਰਹੇ ਸਨ ਤਾਂ 2 ਕੁੜੀਆਂ ਨੇ ਉਨ੍ਹਾਂ ਨੂੰ ਇਸ ਘਟਨਾ ਬਾਰੇ ਦੱਸਿਆ | ਡੰੂਘਾ ਪਹਾੜੀ ਇਲਾਕਾ ਹੋਣ ਕਾਰਨ ਉੱਥੇ ਫ਼ੋਨ ਵੀ ਚੱਲ ਨਹੀਂ ਸੀ ਰਿਹਾ, ਤਾਂ 5 ਨੌਜਵਾਨਾਂ ਨੇ ਆਪਣੀਆਂ ਦਸਤਾਰਾਂ ਤੇ ਜੈਕਟਾਂ ਜੋੜ ਕੇ ਤਕਰੀਬਨ 33 ਫੁੱਟ ਲੰਮਾ ਰੱਸਾ ਬਣਾ ਲਿਆ ਤੇ ਕਾਫ਼ੀ ਜੱਦੋ-ਜਹਿਦ ਮਗਰੋਂ ਦੋਵਾਂ ਨੌਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ | ਪੰਜਾਬੀ ਨੌਜਵਾਨਾਂ ਵਲੋਂ ਦਿਖਾਈ ਇਸ ਬਹਾਦਰੀ ਦੀ ਕੈਨੇਡਾ ਭਰ ਵਿਚ ਖੂਬ ਪ੍ਰਸੰਸਾ ਹੋ ਰਹੀ ਹੈ |